ਮਾਨਸਾ 08 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):
ਬੀਤੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲੋਕਾਂ ਤੱਕ ਪਹੁੰਚੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰਾਂ ਦੀ ਭਰਤੀ ਦੀ ਲਿਸਟ ਜਿਨ੍ਹਾਂ ਨੂੰ 9 ਸਤੰਬਰ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਇਸ ਉਪਰ ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਆਪ ਸਰਕਾਰ ਨੂੰ ਕਿਹਾ ਕਿ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥ ਵਿੱਚ ਆ ਚੁੱਕਾ ਹੈ ਜਿਸਦੇ ਸਦਕਾ ਸਾਡੇ ਨੌਜਵਾਨ ਨਿਰਾਸ਼ ਹੋ ਕੇ ਬਾਹਰਲੇ ਮੁਲਕਾਂ ਵੱਲ ਕਤਾਰਾਂ ਬੰਨ੍ਹੀ ਜਾ ਰਹੇ ਹਨ। ਜਿਸਦੀ ਵੱਡੀ ਵਜ੍ਹਾ ਪੰਜਾਬ ਵਿਚਲੀਆਂ ਸਰਕਾਰੀ ਨੌਕਰੀਆਂ ਤੇ ਗੈਰ ਪੰਜਾਬੀਆਂ ਦਾ ਕਬਜਾ ਹੋਣਾ ਹੈ। ਵਿੱਕੀ ਨੇ ਕਿਹਾ ਕਿ ਜੋ ਸਬ ਇੰਸਪੈਕਟਰਾ ਦੀ ਲਿਸਟ ਸਾਮ੍ਹਣੇ ਆਈ ਹੈ ਜਿਸ ਵਿਚ ਇਕੱਲੇ ਮਾਨਸਾ ਵਿਚੋਂ ਹੀ ਸੱਤ ਵਿਚੋਂ ਛੇ ਗੈਰ ਪੰਜਾਬੀ ਭਾਵ ਹਰਿਆਣੇ ਨਾਲ ਸੰਬੰਧਿਤ ਹਨ। ਵਿੱਕੀ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਆਪ ਸਰਕਾਰ ਨੂੰ ਹੋਂਦ ਵਿੱਚ ਲਿਓਨ ਲਈ ਸਬ ਤੋਂ ਵੱਡਾ ਹੱਥ ਮੁਲਾਜਮ ਵਰਗ ਤੇ ਨੌਜਵਾਨਾਂ ਦਾ ਸੀ ਪਰ ਹੁਣ ਦੋਨੋ ਵਰਗ ਹੀ ਸਰਕਾਰ ਤੋਂ ਪੁਰੀ ਤਰ੍ਹਾਂ ਨਿਰਾਸ਼ ਹਨ। ਵਿੱਕੀ ਨੇ ਕਿਹਾ ਕਿ ਜਿਵੇਂ ਪੰਜਾਬੀ ਲੋਕ ਹਿਮਾਚਲ ਪ੍ਰਦੇਸ਼ ਵਿਚ ਜਾ ਕੇ ਜਮੀਨ ਤੱਕ ਨਹੀਂ ਖਰੀਦ ਸਕਦੇ ਓਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਅਜਿਹੀਆਂ ਨੀਤੀਆਂ ਅਪਨਾਉਣੀਆ ਪੈਣਗੀਆਂ ਜਿਸ ਨਾਲ ਗੈਰ ਪੰਜਾਬੀ ਲੋਕ ਸਾਡੇ ਨੌਜਵਾਨਾਂ ਦੇ ਹੱਕਾਂ ਤੇ ਡਾਕੇ ਨਾ ਮਾਰ ਸਕਣ। ਜੇਕਰ ਪੰਜਾਬ ਦੀ ਆਪ ਸਰਕਾਰ ਪਹਿਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਨੂੰ ਦੁਹਰਾਵੇਗੀ ਤਾਂ ਇਹਨਾਂ ਨੂੰ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸਬਕ ਸਿਖਾਉਣਗੇ।