*ਡਿਪਟੀ ਡਾਇਰੈਕਟਰ ਖੇਤੀਬਾੜੀ ਵੱਲੋਂ ਜ਼ਿਲ੍ਹਾ ਮਾਨਸਾ ਦੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ*

0
3

ਮਾਨਸਾ, 28 ਅਗਸਤ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਦੇ ਸਰਵੇਖਣ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਸੇ ਤਹਿਤ ਡਾ: ਗੁਰਜੀਤ ਸਿੰਘ ਬਰਾੜ, ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਪੰਜਾਬ ਵੱਲੋ ਮੁੱਖ ਖੇਤੀਬਾੜੀ ਅਫਸਰ, ਮਾਨਸਾ ਅਤੇ ਜ਼ਿਲ੍ਹਾ ਸਿਖਲਾਈ ਅਫਸਰ ਸਮੇਤ ਨਰਮੇ ਦੀ ਫਸਲ ਦੀ ਮੌਜੂਦਾ ਸਥਿਤੀ ਦਾ ਜਾਇਜਾ ਲਿਆ ਗਿਆ।
ਟੀਮ ਵੱਲੋਂ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਖੇ ਕਿਸਾਨ ਸ੍ਰੀ ਮਹਿੰਦਰ ਸਿੰਘ, ਪਿੰਡ ਮਾਨਸਾ ਖੁਰਦ ਵਿਖੇ ਸ੍ਰੀ ਬੂਟਾ ਸਿੰਘ, ਪਿੰਡ ਰਮਦਿੱਤੇਵਾਲਾ ਵਿਖੇ ਕਿਸਾਨ ਸ੍ਰੀ ਜ਼ਸਪ੍ਰੀਤ ਸਿੰਘ, ਪਿੰਡ ਦੂਲੋਵਾਲ ਵਿਖੇ ਸ੍ਰੀ ਬਲਕਰਨ ਸਿੰਘ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਡਾ: ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਤਾਂ ਦੇ ਨਿਰੀਖਣ ਦੌਰਾਨ ਵੇਖਿਆ ਗਿਆ ਹੈ ਕਿ ਇੱਥੇ ਗੁਲਾਬੀ ਸੁੰਡੀ, ਹਰਾ ਤੇਲਾ, ਚਿੱਟੇ ਮੱਛਰ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ।  ਇਸ ਉਪਰੰਤ ਟੀਮ ਵੱਲੋਂ ਬਲਾਕ ਝੁਨੀਰ ਦੇ ਪਿੰਡ ਭੰਮੇ ਖੁਰਦ ਵਿਖੇ ਕਿਸਾਨ ਸ੍ਰੀ ਧਰਮਪਾਲ ਸਿੰਘ ਦਾ ਖੇਤ ਵੇਖਿਆ ਗਿਆ। ਇਸ ਖੇਤ ਵਿੱਚ ਕੀੜੇ-ਮਕੌੜਿਆਂ ਦਾ ਹਮਲਾ ਨਾ ਮਾਤਰ ਹੀ ਪਾਇਆ ਗਿਆ। ਇਸ ਤੋਂ ਬਾਅਦ ਪਿੰਡ ਝੁਨੀਰ ਵਿਖੇ ਕਿਸਾਨ ਸ੍ਰੀ ਸੁਰਜੀਤ ਸਿੰਘ ਦੇ ਖੇਤ  ਦੇ ਨਿਰੀਖਣ ਦੌਰਾਨ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਪਾਇਆ ਗਿਆ, ਜਿਸ ’ਤੇ ਟੀਮ ਵੱਲੋਂ ਕਿਸਾਨ ਨੂੰ ਨਰਮੇ ਨੂੰ ਪਾਣੀ ਲਗਾ ਕੇ ਫਲੋਨਿਕਾਮਿਡ/ਈਥੀਅਨ ਦੀ ਸਪਰੇਅ ਕਰਨ ਦੀ ਸਿਫਾਰਸ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ।  


ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਫੱਤਾ ਮਾਲੋਕਾ ਦੇ ਕਿਸਾਨ ਸ੍ਰੀ ਕੇਵਲ ਸਿੰਘ ਦਾ ਖੇਤ ਵੇਖਿਆ ਗਿਆ। ਖੇਤ ਵਿੱਚ ਨਰਮੇ ਦੀ ਦੀ ਸਥਿਤੀ ਬਹੁਤ ਵਧੀਆਂ ਹੈ ਅਤੇ ਫਸਲ ਵਿੱਚ ਕੀੜੇ-ਮਕੌੜੇ ਦਾ ਹਮਲਾ ਨਾਮਾਤਰ ਪਾਇਆ ਗਿਆ। ਖੇਤ ਮਾਲਕ ਦੇ ਦੱਸਣ ਮੁਤਾਬਿਕ ਉਸ ਵੱਲੋਂ ਨਰਮੇ ਦੀ ਪਹਿਲੀ ਚੁਗਾਈ ਕਰ ਲਈ ਗਈ ਹੈ ਅਤੇ ਹੁਣ ਤੱਕ 6.5 ਮਣ ਪ੍ਰਤੀ ਏਕੜ ਨਰਮੇ ਦਾ ਝਾੜ ਪ੍ਰਾਪਤ ਕੀਤਾ ਜਾ ਚੁੱਕਾ ਹੈ। ਕਿਸਾਨ ਵੱਲੋਂ ਉਮੀਦ ਜਤਾਈ ਗਈ ਹੈ ਕਿ ਨਰਮੇ ਦਾ ਝਾੜ ਇਸ ਵਾਰ 10 ਕੁਇੰਟਲ ਪ੍ਰਤੀ ਏਕੜ ਹੋਣ ਦੀ ਸੰਭਾਵਨਾ ਹੈ।  
ਡਾ: ਗੁਰਜੀਤ ਸਿੰਘ ਬਰਾੜ, ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਪੰਜਾਬ ਵੱਲੋਂ ਖੇਤਾਂ ਦੇ ਨਿਰੀਖਣ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਇਸ ਸਮੇਂ ਕਿਸੇ ਵੀ ਕੀੜੇ-ਮਕੌੜੇ ਅਤੇ ਬਿਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਨਹੀ ਹੈ, ਪ੍ਰੰਤੂ ਫਿਰ ਵੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ ਅਤੇ ਕਿਸੇ ਵੀ ਕੀੜੇ-ਮਕੌੜੇ ਅਤੇ ਬਿਮਾਰੀ ਦੇ ਹਮਲਾ ਹੋਣ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਫਸਲ ’ਤੇ ਲੋੜ ਅਨੁਸਾਰ ਸਿਫਾਰਸ਼ਸੁਦਾ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਕੇ ਹਮਲੇ ਨੂੰ ਰੋਕਿਆ ਜਾ ਸਕੇ।  
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੇ ਮੁੱਖ ਕੀੜਿਆਂ ਜਿਵੇਂ ਕਿ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਈ.ਟੀ.ਐਲ (Economic Threshold Level) ਬਾਰੇ ਜਾਣਕਾਰੀ ਦਿੱਤੀ ਅਤੇ ਹਮਲਾ ਈ.ਟੀ.ਐਲ ਤੋਂ ਵੱਧ ਹੋਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਸਿਫਾਰਸ਼ਸੁਦਾ ਕੀੜੇਮਾਰ ਦਵਾਈਆਂ ਬਾਰੇ ਦੱਸਦਿਆਂ ਲੋੜ ਅਨੁਸਾਰ ਇਨ੍ਹਾਂ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ।  ਉਨ੍ਹਾਂ  ਨਰਮੇ ਦੀ ਫਸਲ ’ਤੇ 13:0:45 ਬਾਰੇ ਜਾਣਕਾਰੀ ਸਾਂਝੀ ਕੀਤੀ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਝਾਂਸੇ ਵਿੱਚ ਆ ਕੇ ਬੇਲੋੜੀਆਂ ਸਪਰੇਆਂ ਨਾ ਕੀਤੀਆ ਜਾਣ ਅਤੇ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਹੀ ਸਪਰੇਆਂ ਕੀਤੀਆ ਜਾਣ ਤਾਂ ਜੋ ਬੇਲੋੜੇ ਖਰਚਿਆ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਜਿਲ੍ਹਾ ਪੱਧਰੀ ਟੀਮ ਦੇ ਮੈਂਬਰ ਡਾ. ਸੁਰੇਸ਼ ਕੁਮਾਰ, ਜਿਲ੍ਹਾ ਸਿਖਲਾਈ ਅਫਸਰ, ਮਾਨਸਾ, ਡਾ. ਮਨੋਜ ਕੁਮਾਰ, ਖੇਤੀਬਾੜੀ ਅਫਸਰ, ਬਲਾਕ ਮਾਨਸਾ, ਡਾ. ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ:)  ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉਪ ਨਿਰੀਖਕ ਅਤੇ ਆਤਮਾ ਸਟਾਫ ਹਾਜਰ ਸੀ।       

LEAVE A REPLY

Please enter your comment!
Please enter your name here