ਬਰੇਟਾ 26 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪਿੰਡ ਕੁਲਰੀਆਂ ਦੇ ਕਾਸ਼ਤਕਾਰ/ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਨੂੰ ਲੈ ਕੇ ਪਿੰਡੋਂ ਪਿੰਡੀ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਅੱਜ ਪਿੰਡ ਕਿਸ਼ਨਗੜ੍ਹ ਵਿੱਚ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮੱਖਣ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਭਾਰੀ ਇਕੱਠ ਕੀਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾ ਅਤੇ ਮਾਵਾਂ ਭੈਣਾਂ ਨੇ ਸ਼ਮੂਲੀਅਤ ਕੀਤੀ । ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਵਲ ਪ੍ਰ਼ਸ਼ਾਸਨ ਵੱਲੋਂ ਕੋਝੀਆਂ ਚਾਲਾਂ ਚੱਲ ਕੇ ਪਿਛਲੇ ਲੰਮੇ ਸਮੇਂ ਤੋਂ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਨੂੰ ਮਾਲਕੀ ਹੱਕ ਤੋਂ ਬੇਦਖਲੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਝੂਠੇ ਕੇਸ ਦਰਜ ਕਰਕੇ ਜਬਰ ਕੀਤਾ ਜਾ ਰਿਹਾ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸਥਾਨਕ ਸਾਬਕਾ ਸਰਪੰਚ ਅਤੇ ਗੁੰਡਾ ਗਿਰੋਹ ਨੂੰ ਸਹਿ ਦੇ ਕੇ ਕਿਸਾਨਾਂ ਦੀ ਕੁੱਟਮਾਰ ਅਤੇ ਮੋਟਰਾਂ ਉੱਤੇ ਨਾਜਾਇਜ਼ ਕਬਜ਼ੇ ਦੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੀੜਿਤ ਧਿਰ ਨੂੰ ਇਨਸਾਫ਼ ਦੇਣ ਦੀ ਬਜਾਏ ਅਧਿਕਾਰੀਆਂ ਵੱਲੋਂ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ । ਇਸੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਨੂੰ ਤਿੱਖਾ ਕਰਦਿਆਂ ਐਸ ਐਸ ਪੀ ਦਫ਼ਤਰ ਮਾਨਸਾ ਮੂਹਰੇ 28 ਅਗਸਤ ਨੂੰ ਸੂਬਾਈ ਧਰਨਾ ਦਿੱਤਾ ਜਾ ਰਿਹਾ ਹੈ । ਇਸੇ ਲੜੀ ਦੀ ਤਿਆਰੀ ਵਜੋਂ ਇਲਾਕੇ ਦੇ ਪਿੰਡਾਂ ਰਾਮਪੁਰ ਮੰਡੇਰ, ਗੰਢੂ ਖੁਰਦ, ਗੰਢੂ ਕਲਾਂ, ਲੱਖੀਵਾਲ, ਤਾਲਵਾਲਾ, ਹਾਕਮ ਵਾਲਾ, ਉੱਡਤ ਸੈਦੇ ਵਾਲਾ, ਸਸਪਾਲੀ, ਝੱਲਬੂਟੀ, ਭਖੜਿਆਲ, ਚੱਕ ਅਲ਼ੀਸ਼ੇਰ, ਬੀਰੇਵਾਲਾ, ਮਘਾਣੀਆਂ ਅਤੇ ਰਿਉਂਦ ਖੁਰਦ ਵਿਖੇ ਮੀਟਿੰਗਾਂ ਕਰਵਾਈਆਂ ਗਈਆਂ । ਇਸ ਸਮੇਂ ਸੂਬਾ ਆਗੂ ਮਹਿੰਦਰ ਸਿੰਘ ਦਿਆਲਪੁਰਾ ਸਮੇਤ ਸੱਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ, ਤਰਨਜੀਤ ਸਿੰਘ ਮੰਦਰਾਂ, ਤੇਜ ਰਾਮ ਅਹਿਮਦਪੁਰ ਆਦਿ ਮੌਜੂਦ ਰਹੇ ।ਜਾਰੀ ਕਰਤਾ : ਲਖਵੀਰ ਸਿੰਘ ਅਕਲੀਆ