ਮਾਨਸਾ, 11 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ ):
ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਅਰਸ਼ਦੀਪ ਸਿੰਘ ਅਤੇ ਸ੍ਰੀ ਸੰਤੋਸ਼ ਭਾਰਤੀ ਜੀ ਦੀ ਅਗਵਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਹਰ ਸ਼ੁਕਰਵਾਰ ਨੂੰ ਜ਼ਿਲ੍ਹੇ ਭਰ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸ਼ੁਕਰਵਾਰ ਵਿਸ਼ੇਸ਼ ਤੌਰ ਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਡੇਗੂ ਤੋਂ ਬਚਾਅ ਲਈ ਜਾਗਰੂਕਤਾ ਜਾਣਕਾਰੀ ਦਿੱਤੀ ਗਈ। ਬਲਾਕ ਖਿਆਲਾ ਕਲਾਂ ਤਹਿਤ ਐਸ ਐਮ ਡਾਕਟਰ ਹਰਦੀਪ ਸ਼ਰਮਾ ਦੀ ਦੇਖਰੇਖ ਹੇਠ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਸਰਕਾਰੀ ਮਿਡਲ ਸਕੂਲ ਅਤੇ ਐਲੀਮੈਂਟਰੀ ਸਕੂਲ ਹੀਰੇਵਾਲਾ ਵਿਖੇ ਜਾਣਕਾਰੀ ਦਿੰਦੇ ਹੋਏ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਡੇਂਗੂ ਤੋ ਬਚਾਉਣ ਲਈ ਸ਼ੁਰੂ ਕੀਤੀ ਇਸ ਵਿਸ਼ੇਸ਼ ਮੁਹਿੰਮ ਤਹਿਤ *ਹਰ ਸ਼ੁਕਰਵਾਰ—ਡੇਂਗੂ ਤੇ ਵਾਰ* ਸਲੋਗਨ ਅਨੁਸਾਰ ਕੂਲਰਾਂ, ਡਰੰਮਾ, ਫਰੀਜ਼ਾਂ ਦੀਆਂ ਟ੍ਰੇਆਂ, ਟਾਇਰਾਂ, ਗਮਲਿਆਂ ਵਿੱਚ ਖੜੇ ਪਾਣੀ ਨੂੰ ਜ਼ਰੂਰ ਸਾਫ ਕੀਤਾ ਜਾਵੇ, ਕਿਉਂਕਿ ਡੇਂਗੂ ਦਾ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਕੇ ਰੱਖੋ, ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ, ਤੇਲ ਆਦਿ ਦੀ ਵਰਤੋਂ ਕੀਤੀ ਜਾਵੇ, ਬੁਖਾਰ ਹੋਣ ਤੇ ਐਸਪਰੀਨ ਜਾਂ ਬਰੂਫਨ ਦਵਾਈ ਨਾ ਲਈ ਜਾਵੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਲਈ ਜਾਵੇ। ਉਨ੍ਹਾਂ ਕਿਹਾ ਕਿ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਬੰਦ ਰੱਖੋ, ਟੂਟੇ ਬਰਤਨਾਂ, ਡਰੰਮਾ ਤੇ ਟਾਇਰਾਂ ਨੂੰ ਖੁਲ੍ਹੇ ਵਿਚ ਨਾ ਰੱਖੋ, ਪਸ਼ੂ—ਪੰਛੀਆਂ ਲਈ ਪੀਣ ਦੇ ਪਾਣੀ ਦੇ ਬਰਤਨਾਂ ਨੂੰ ਹਰ ਸ਼ੁਕਰਵਾਰ ਨੂੰ ਸਾਫ ਕਰੋ, ਵਧੇਰੇ ਮਾਤਰਾਂ ਵਿਚ ਤਰਲ ਪਦਾਰਥਾਂ ਦਾ ਸੇਵਨ ਕਰੋ।
ਸਰਕਾਰੀ ਹਾਈ ਸਕੂਲ ਚਕੇਰੀਆਂ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਤੇਜ਼ ਬੁਖਾਰ, ਚਮੜੀ ਤੇ ਲਾਲ ਨਿਸ਼ਾਨ, ਮਾਸ਼ਪੇ਼ਸੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਆਦਿ ਵਰਗੇ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਨਾਲ ਸੰਪਰਕ ਕੀਤਾ ਜਾਵੇ, ਡੇਂਗੂ ਦਾ ਟੈਸਟ ਅਤੇ ਸਪੋਰਟਿਵ ਇਲਾਜ਼ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਰਨਾਲਾ, ਮੁਲਾ ਸਿੰਘ ਵਾਲਾ, ਕੋਟਲੀ ਕਲਾਂ, ਅਲੀਸ਼ੇਰ ਖੁਰਦ, ਉਭਾ, ਮਲਿਕਪੁਰ ਖਿਆਲਾ, ਅਤਲਾ ਖੁਰਦ ਆਦਿ ਪਿੰਡਾਂ ਦੇ ਸਕੂਲਾਂ ਵਿੱਚ ਵੀ ਸਿਹਤ ਕਰਮਚਾਰੀਆਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਕੇਵਲ ਸਿੰਘ ਬੀ ਈ ਈ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਜਗਦੀਸ਼ ਸਿੰਘ, ਖੁਸ਼ਵਿੰਦਰ ਸਿੰਘ, ਸੁਖਪਾਲ ਸਿੰਘ, ਸਕੂਲ ਮੁਖੀ ਸੁਖਵਿੰਦਰ ਸਿੰਘ ਕਾਕਾ, ਸਿਹਤ ਕਰਮਚਾਰੀ ਮਨੋਜ਼ ਕੁਮਾਰ, ਮੱਖਣ ਸਿੰਘ , ਭੋਲਾ ਸਿੰਘ, ਲਖਵੀਰ ਸਿੰਘ, ਸਿਮਰਨਜੀਤ ਸਿੰਘ, ਹਰਨੈਲ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।