ਮਾਨਸਾ 11 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਪਿੰਡ ਕੁੱਲਰੀਆਂ ਜ਼ਿਲ੍ਹਾ ਮਾਨਸਾ ਵਿਖੇ ਆਬਾਦਕਾਰਾਂ ਦੀ ਜ਼ਮੀਨ ‘ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਅਤੇ ਕਿਸਾਨ ਆਗੂਆਂ ਸਮੇਤ ਤੀਹ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਪਿੰਡ ਕੁੱਲਰੀਆਂ ਵਿਖੇ ਲਗਭਗ 71 ਏਕੜ ਜ਼ਮੀਨ ਮੁਰੱਬੇਬੰਦੀ ਵੇਲੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਬੱਚਤ ਨਿੱਕਲੀ ਸੀ। ਜਿਸਨੂੰ ਮੁਰੱਬਾਬੰਦੀ ਵਿਭਾਗ ਦੀ ਸਹਿਮਤੀ ਨਾਲ ਪੰਚਾਇਤ ਵੱਲੋਂ ਮਤਾ ਪਾ ਕੇ ਮੁੜ ਕਿਸਾਨਾਂ ਵਿੱਚ ਵੰਡ ਦਿੱਤੀ ਗਈ ਸੀ । ਇਸ ਜ਼ਮੀਨ ਤੇ ਉਸ ਸਮੇਂ ਤੋਂ ਹੀ 100 ਤੋਂ ਉੱਪਰ ਪਰਿਵਾਰ ਕਾਬਜ਼ ਹਨ ਅਤੇ ਖੇਤੀ ਕਰਦੇ ਆ ਰਹੇ ਹਨ ਪਰ ਹੁਣ ਪੰਜਾਬ ਸਰਕਾਰ ਦੀ ਜ਼ਮੀਨਾਂ ਖੋਹਣ ਦੀ ਨੀਤੀ ਅਧੀਨ ਪਿੰਡ ਕੁੱਲਰੀਆਂ ਦਾ ਸਰਪੰਚ ਧੱਕੇ ਨਾਲ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਇਸ ਸਬੰਧੀ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਪਹਿਲਾਂ ਸਰਪੰਚ ਧਿਰ ਨੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢ ਦਿੱਤੀਆਂ ਸਨ ਅਤੇ ਪਰਦੇਸੀ ਮਜ਼ਦੂਰ ਪਰਿਵਾਰਾਂ ਦੀ ਕੁੱਟਮਾਰ ਕਰਕੇ ਖੇਤਾਂ ਵਿੱਚੋਂ ਬਾਹਰ ਕੱਢ ਦਿੱਤਾ ਸੀ । ਬਾਅਦ ਵਿੱਚ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਕੁੱਝ ਦਿਨ ਪਹਿਲਾਂ ਇਸ ਜ਼ਮੀਨ ਵਿੱਚੋਂ ਮਿੱਟੀ ਚੁੱਕਣ ਲਈ ਜੇਸੀਬੀ ਅਤੇ ਟਰੈਕਟਰ ਲਗਾ ਕੇ ਕਾਸ਼ਤਕਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਜਬਰੀ ਨਜ਼ਾਇਜ ਮਾਈਨਿੰਗ ਸ਼ੁਰੂ ਕਰ ਦਿੱਤੀ । ਮਾਈਨਿੰਗ ਦੀ ਇਹ ਕਾਰਵਾਈ, ਕਾਸ਼ਤਕਾਰ ਕਿਸਾਨਾਂ ਦੇ ਵਿਰੋਧ ਮਗਰੋਂ ਹੀ ਬੰਦ ਕੀਤੀ ਗਈ ਪਰ ਮਾਮਲੇ ਦੀ ਪੜਤਾਲ ਕੀਤੇ ਬਗੈਰ ਪੁਲਿਸ ਪ੍ਰਸ਼ਾਸਨ ਵੱਲੋਂ ਪੀੜਿਤ ਧਿਰ ਉੱਤੇ ਝੂਠੇ ਪਰਚੇ ਦਰਜ ਕੀਤੇ ਗਏ । ਪਰ ਹੁਣ ਕਿਸਾਨ ਆਪਣੀ ਜ਼ਮੀਨ ਤੇ ਕਾਬਜ਼ ਹਨ ਅਤੇ ਹੜ੍ਹ ਦਾ ਪਾਣੀ ਉੱਤਰ ਜਾਣ ਮਗਰੋਂ ਆਬਾਦਕਾਰ ਕਿਸਾਨਾਂ ਨੇ 09 ਅਗਸਤ ਨੂੰ ਆਪਣੀ ਜ਼ਮੀਨ ਵਾਹੀ।ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਹਿ ਤੇ ਪਹਿਲਾਂ ਵੀ ਕਿਸਾਨਾਂ ਖਿਲਾਫ ਕੀਤੇ ਕੇਸ ਦਰਜ ਹਨ ਅਤੇ ਹੁਣ ਦੁਬਾਰਾ ਫਿਰ ਆਪਣੀ ਉਸੇ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲਾ ਕੇ ਕੇਸ ਦਰਜ ਕਰ ਦਿੱਤੇ ਗਏ ਹਨ। ਸਰਪੰਚ ਧਿਰ ਨੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢੀਆਂ, ਕਬਜ਼ੇ ਦੀ ਕੋਸ਼ਿਸ਼ ਕੀਤੀ, ਪਰਦੇਸੀ ਮਜ਼ਦੂਰ ਪਰਿਵਾਰਾਂ ਦੀ ਕੁੱਟਮਾਰ ਕੀਤੀ ਅਤੇ ਨਜਾਇਜ਼ ਮਾਈਨਿੰਗ ਕੀਤੀ ਪਰ ਉਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ । ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਸਰਕਾਰ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੋ ਕੇ ਧੱਕੇ ਨਾਲ ਕਬਜ਼ਾ ਕਰਨ ਤੇ ਵਜ਼ਿੱਦ ਹੈ।
ਜਥੇਬੰਦੀ ਦੀ ਸੂਬਾ ਕਮੇਟੀ ਨੇ ਨੋਟ ਕੀਤਾ ਕਿ ਜਿਸ ਤਰਾਂ ਮੱਤੇਵਾੜਾ ਜੰਗਲ ਦੀ ਜ਼ਮੀਨ ਨੂੰ ਇੱਕ ਇੰਡਸਟ੍ਰੀਅਲ ਪਾਰਕ ਦਾ ਬਹਾਨਾ ਲਾ ਕੇ ਚੋਰੀ ਛੁਪੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਸੇ ਤਰਾਂ ਸਰਕਾਰ ਛੋਟੇ ਅਤੇ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਬਹਾਨਿਆਂ ਨਾਲ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ । ਜਥੇਬੰਦੀ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ, ਬਾਬਾ ਬੰਦਾ ਸਿੰਘ ਬਹਾਦਰ ਅਤੇ ਪੈਪਸੂ ਮੁਜ਼ਾਰਾ ਲਹਿਰ ਨੇ ਬਣਾਇਆ ਹੈ । ਅਸੀਂ ਆਪਣੀ ਵਿਰਾਸਤ ਕਿਸੇ ਸਰਕਾਰ ਦੇ ਸ਼ੁਗਲ ਮੇਲੇ ਵਾਸਤੇ ਨਹੀਂ ਛੱਡਾਂਗੇ । ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਤੇਰਾਂ ਮਹੀਨੇ ਦਿੱਲੀ ਦੇ ਬਾਡਰਾਂ ਤੇ ਬੈਠ ਸਕਦੇ ਹਾਂ ਤਾਂ ਪੰਜਾਬ ਅੰਦਰ ਵੀ ਜ਼ਮੀਨ ਦੀ ਰਾਖੀ ਕਰ ਸਕਦੇ ਹਾਂ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਚਿਤਾਵਨੀ ਦਿੱਤੀ ਕਿ ਇਸ ਮਸਲੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਜ਼ਿਲ੍ਹਾ ਮਾਨਸਾ ਦੀ ਆਗੂ ਟੀਮ ਸਮੇਤ ਤੀਹ ਕਿਸਾਨਾਂ ‘ਤੇ ਪਾਏ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।ਜਾਰੀ ਕਰਤਾ : ਲਖਵੀਰ ਸਿੰਘ ਅਕਲੀਆਜਿਲਾ ਪ੍ਰਧਾਨ ਮਾਨਸਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ