(ਸਾਰਾ ਯਹਾਂ/ਮੁੱਖ ਸੰਪਾਦਕ ):: ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਕੋਈ ਅਲਰਟ ਨਹੀਂ ਪਰ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪਿਛਲੇ 24 ਘੰਟਿਆਂ ‘ਚ ਕੁਝ ਸ਼ਹਿਰਾਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਚੰਡੀਗੜ੍ਹ ਵਿੱਚ ਕੱਲ੍ਹ 36.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸ਼ਹਿਰ ਵਿੱਚ 3.5 ਮਿਲੀਮੀਟਰ ਤੋਂ ਵੱਧ ਮੀਂਹ ਨਹੀਂ ਪਿਆ। ਰੋਪੜ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਐਸਬੀਐਸ ਨਗਰ ਵਿੱਚ 1.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਭਾਖੜਾ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ
ਇਸ ਦੇ ਨਾਲ ਹੀ ਤਿੰਨ ਦਿਨਾਂ ਬਾਅਦ ਇੱਕ ਵਾਰ ਫਿਰ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਿੱਚ ਇੱਕ ਫੁੱਟ ਦਾ ਵਾਧਾ ਦੇਖਣ ਨੂੰ ਮਿਲਿਆ। ਪਿਛਲੇ ਸਾਲ ਇਸ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1625.01 ਫੁੱਟ ਸੀ ਜੋ ਅੱਜ ਦੇ ਪੱਧਰ ਨਾਲੋਂ 41 ਫੁੱਟ ਘੱਟ ਸੀ। ਭਾਖੜਾ ਡੈਮ ਅਜੇ ਵੀ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਹੇਠਾਂ ਹੈ।
ਭਾਖੜਾ ਡੈਮ ਤੋਂ ਕਿੰਨਾ ਛੱਡਿਆ ਗਿਆ ਪਾਣੀ ?
ਜ਼ਿਕਰ ਕਰ ਦਈਏ ਕਿ ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1666.44 ਫੁੱਟ ਤੱਕ ਪਹੁੰਚ ਗਿਆ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 53200 ਕਿਊਸਿਕ ਦਰਜ ਕੀਤੀ ਗਈ, ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41729 ਕਿਊਸਿਕ ਪਾਣੀ ਛੱਡਿਆ ਜਾਵੇਗਾ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ, ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।