ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮਾਨਸਾ ਵਿਖੇ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿੱਜੀ ਰੂਪ ਵਿਚ ਮਿਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਸਮੇਤ ਕਾਫੀ ਸਮੇਂ ਤੋਂ ਐਨ ਓ ਸੀਜ਼ ਨਾ ਜਾਰੀ ਕੀਤੇ ਜਾਣ ਕਰਕੇ ਪਲਾਟਾਂ ਅਤੇ ਜ਼ਮੀਨਾਂ ਦੀ ਖਰੀਦ ਵੇਚ ਰੁਕੇ ਰਹਿਣ ਦੀ ਸਮੱਸਿਆ ਦੇ ਜਲਦੀ ਹੱਲ ਕਰਵਾਉਣ ਦੀ ਮੰਗ ੳਠਾਉਣ ਵਾਲੀ ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਵਲੋਂ ਇਹ ਮੁੱਦਾ ਅੱਜ ਫਿਰ ਧੜੱਲੇ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਕੋਲ ਚੁਕਿਆ ਗਿਆ। ਸੰਸਥਾ ਦੇ ਮੈਂਬਰ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਸਿੰਘ ਮਘਾਣਿਆਂ ਵਲੋਂ ਆਪਣੇ ਇੱਕ ਪਲਾਟ ਦੀ ਸੇਲ ਲਈ ਸਾਰੀਆਂ ਫੀਸਾਂ ਦੀ ਅਦਾਇਗੀ ਕੀਤੇ ਜਾਣ ਤੋਂ ਬਾਅਦ ਵੀ ਕਈ ਮਹੀਨਿਆਂ ਤੋਂ ਉਹਨਾਂ ਨੂੰ ਐਨ ਓ ਸੀ ਨਹੀਂ ਮਿਲ ਰਹੀ ਸੀ ਅਤੇ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾਲ ਹੀ ਸੰਸਥਾ ਦੇ ਮੈਂਬਰ ਅਤੇ ਸਮਾਜ ਸੇਵੀ ਰਾਮ ਕ੍ਰਿਸ਼ਨ ਚੁੱਘ ਦੇ ਭਰਾ ਰਿਟਾਇਰ ਐਸ ਡੀ ਓ ਸੱਤਪਾਲ ਨੂੰ ਆਪਣੇ ਇਲਾਜ ਲਈ 20 ਲੱਖ ਰੁਪਏ ਦੀ ਲੋੜ ਹੋਣ ਕਰੇ ਇੱਕ ਪਲਾਟ ਵੇਚਣ ਦੀ ਸਖਤ ਲੋੜ ਦੇ ਚਲਦਿਆਂ ਇਕ ਪਲਾਟ ਨੂੰ ਵੇਚਣ ਲਈ ਸਾਰੀਆਂ ਤਕਨੀਕੀ ਜਰੂਰਤਾਂ ਪੂਰੀਆਂ ਕੀਤੀਆਂ ਜਾਣ ਤੇ ਵੀ ਮਹਿਕਮੇ ਵਲੋਂ ਐਨ ਓ ਸੀ ਜਾਰੀ ਨਹੀਂ ਕੀਤੀ ਜਾ ਰਹੀ ਸੀ। ਇਸ ਤੋਂ ਬਿਨ੍ਹਾਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮੈਂਬਰ ਰਾਕੀ ਸ਼ਰਮਾ ਵਲੋਂ ਵੀ ਵੱਡੀ ਗਿਣਤੀ ਵਿਚ ਐਨ ਓ ਸੀਜ਼ ਨਾ ਜਾਰੀ ਕੀਤੇ ਜਾਣ ਕਰਕੇ ਸ਼ਹਿਰ ਵਿਚ ਲੋਕਾਂ ਵਿਚ ਪਾਏ ਜਾ ਰਹੇ ਰੋਸ ਕਰਕੇ ਸੰਸਥਾ ਦੀ ਫੌਰਨ ਮੀਟਿੰਗ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਅਤੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਨੂੰ ਫੌਰਨ ਮਿਲ ਕੇ ਮਸਲਾ ਉਠਾਉਣ ਦੀ ਮੰਗ ਨੂੰ ਮੰਨਦੇ ਹੋਏ ਸੰਸਥਾ ਦਾ ਵਫਦ ਰਵਿੰਦਰ ਸਿੰਘ ਆਈ ਏ ਐਸ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ ਤੇ ਸ਼ਹਿਰ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਵਫਦ ਦੀ ਮੰਗ ਤੇ ਫੌਰਨ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਦੇ ਐਮ.ਈ ਅਤੇ ਈ.ਓ ਨੂੰ ਮੌਕੇ ਤੇ ਬੁਲਾ ਕੇ ਹੀ ਉਹਨਾਂ ਤੋਂ ਐਨ ਓ ਸੀਜ਼ ਜਾਰੀ ਕਰਨ ਵਿਚ ਆ ਰਹੀ ਦੇਰੀ ਦੇ ਕਾਰਨਾਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਉਹਨਾਂ ਦੇ ਹੱਲ ਵੀ ਨਾਲ ਹੀ ਸੁਝਾਅ ਵੀ ਦਿੱਤੇ। ਸਮੁੱਚੀ ਮੀਟਿੰਗ ਬਾਅਦ ਡਾ ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਵਿਸ਼ਵ ਬਰਾੜ ਨੇ ਸੰਸਥਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਕੀਤੀ ਗਈ ਕਾਰਵਾਈ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਹੁਣ ਸਮੱਸਿਆ ਦਾ ਵੱਡੇ ਪੱਧਰ ਤੇ ਹੱਲ ਹੋ ਜਾਣਾ ਚਾਹੀਦਾ। ਇਸ ਮੌਕੇ ਸੰਸਥਾ ਦੇ ਮੈਂਬਰ ਜਗਸੀਰ ਸਿੰਘ, ਨਰਿੰਦਰ ਗੁਪਤਾ ਅਤੇ ਹੋਰ ਮੈਂਬਰਾਂ ਨੇ ਵੀ ਐਡੀਸ਼ਨਲ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਵਲੋਂ ਸਮੱਸਿਆ ਦੇ ਹੱਲ ਵਿਚ ਵਿਖਾਈ ਗਈ ਤੇਜ਼ੀ ਤੇ ਸੰਤੁਸ਼ਟੀ ਪ੍ਰਗਟ ਕੀਤੀ।