(ਸਾਰਾ ਯਹਾਂ/ਮੁੱਖ ਸੰਪਾਦਕ ):
ਆਈ.ਸੀ.ਐਸ.ਈ. ਬੋਰਡ ਵੱਲੋਂ ਕਰਵਾਏ ਗਏ ਹੈਂਡਬਾਲ ਜ਼ੋਨਲ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਰਿਜ਼ਨਲ ਪੱਧਰ ਦੇ ਮੁਕਾਬਲੇ ਦਾ ਰੈਨੇਸਾਂ ਸਕੂਲ ਮਾਨਸਾ ਵਿਖੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਗੁਰਦਾਸਪੁਰ,ਲੁਧਿਆਣਾ ਅਤੇ ਮੋਗਾ ਜ਼ੋਨ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੁਕਾਬਲਿਆਂ ਦਾ ਅਨੰਦ ਮਾਣਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ.ਹਰਿੰਦਰ ਸਿੰਘ ਭੁੱਲਰ ਨੇ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਖੇਡਾਂ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ, ਉੱਥੇ ਹੀ ਸਾਨੂੰ ਆਪਸ ਵਿੱਚ ਮਿਲ- ਜੁਲ ਕੇ ਰਹਿਣਾ ਸਿਖਾਉਂਦੀਆਂ ਹਨ।ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।
ਮੁਕਾਬਲਿਆ ਵਿੱਚ ਅੰਡਰ -19 ਲੜਕੇ ਅਤੇ ਲੜਕੀਆਂ ਦੀ ਟੀਮ ਵਿੱਚੋਂ ਮੋਗਾ ਜ਼ੋਨ ਵੱਲੋਂ ਖੇਡਦਿਆਂ ਦਾ ਰੇਨੈਸਾਂ ਸਕੂਲ ਮਾਨਸਾ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਅੰਡਰ -14 ਲੜਕੇ,ਅੰਡਰ -14 ਲੜਕੀਆਂ ਅਤੇ ਅੰਡਰ -17 ਲੜਕਿਆਂ ਦੀ ਟੀਮਾਂ ਵਿੱਚੋਂ ਲੁਧਿਆਣਾ ਜ਼ੋਨ ਦੀ ਟੀਮਾਂ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਜਿਸ ਵਿਚ ਲੁਧਿਆਣਾ ਜ਼ੋਨ ਦੇ ਦੋ ਸਕੂਲ ਸੈਕਰਡ ਹਾਰਟ ਸਕੂਲ ਸਮਰਾਲਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਸ਼ਾਮਿਲ ਸਨ।ਅੰਡਰ -17 ਲੜਕੀਆਂ ਵਿੱਚ ਗੁਰਦਾਸਪੁਰ ਜ਼ੋਨ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਿਸ ਵਿੱਚ ਗੁਰਦਾਸਪੁਰ ਜ਼ੋਨ ਦੇ ਤਿੰਨ ਸਕੂਲ ਸੈਂਟ ਫਰਾਂਸਿਸ ਸਕੂਲ ਬਟਾਲਾ , ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਅਤੇ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਸ਼ਾਮਿਲ ਸਨ ।ਇਨ੍ਹਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ।
ਦਾ ਰੈਨੇਸਾਂ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਜੇਤੂ ਬੱਚਿਆਂ ਨੂੰ ਸਨਮਾਨ ਦਿੰਦਿਆ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਟੂਰਨਾਮੈਂਟ ਬਹੁਤ ਮਹੱਤਵ ਰੱਖਦੇ ਹਨ। ਸਕੂਲਾਂ ਵਿੱਚ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ,ਆਪਸੀ ਪਿਆਰ ਅਤੇ ਹਾਰ-ਜਿੱਤ ਕਬੂਲਣ ਦੀ ਭਾਵਨਾ ਸਹਿਜੇ ਹੀ ਪੈਦਾ ਹੋ ਜਾਂਦੀ ਹੈ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਖੇਡਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।