*ਸਿਵਲ ਹਸਪਤਾਲ ਮਾਨਸਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ*

0
24

ਮਾਨਸਾ 02 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਅਸਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਹਾਇਕ ਸਿਵਲ ਸਰਜਨ ਡਾ. ਜਸਕੰਵਲ ਕੌਰ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਾ. ਹਿਤਿਕਾ ਸ਼ਰਮਾ ਗਾਇਨੀਕਾਲੋਜਿਸਟ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਇੱਕਤਰ ਹੋਏ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ 1 ਅਗਸਤ ਤੋਂ 7 ਅਗਸਤ, 2023 ਤੱਕ ‘ਬ੍ਰੈਸਟ ਫੀਡਿੰਗ ਵੀਕ’ ਹਰ ਸਾਲ ਦੀ ਤਰ੍ਹਾਂ  ਮਨਾਇਆ ਜਾ ਰਿਹਾ ਹੈ, ਜਿਸ ਦਾ ਮੰਤਵ ਔਰਤਾਂ ਨੂੰ ਮਾਂ ਦੇ ਦੁੱਧ ਦੀ ਬੱਚੇ ਲਈ ਮਹੱਤਤਾ ਦੇ ਬਾਰੇ ਜਾਣੂ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਨਵਜਨਮੇ ਬੱਚੇ ਦੇ ਪੋਸ਼ਣ ਲਈ ਮਾਂ ਦਾ ਦੁੱਧ ਵਢਮੁੱਲਾ ਹੈ। ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਓਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਅਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ।
ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਨੂੰ  ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ।
ਦਰਸਨ ਸਿੰਘ ਧਾਲੀਵਾਲ ਊਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਮਾਨਸਾ ਦਾ ਮਾਸ ਮੀਡੀਆ ਵਿੰਗ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਮੇਸ਼ਾ ਕਾਰਜਸ਼ੀਲ ਹੈ, ਉਨ੍ਹਾਂ ਕਿਹਾ ਕਿ ‘ਬ੍ਰੈਸਟ ਫੀਡਿੰਗ ਵੀਕ’ ਤਹਿਤ ਮਾਂ ਦੇ ਦੁੱਧ ਦੀ ਬੱਚੇ ਦੀ ਸਿਹਤ ਲਈ ਮਹੱਤਤਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਪੂਜਾ, ਡਾ.ਤਰਸਿਕਾ ਹਾਊਸ ਸਰਜਨ, ਸ੍ਰੀਮਤੀ ਹਰਪਾਲ ਕਿਰਨ, ਸੁਸ਼ਮਾ ਰਾਣੀ, ਰੇਖਾ ਰਾਣੀ ਏ ਐਨ ਐਮ, ਆਸ਼ਾ ਵਰਕਰ ਤੋਂ ਇਲਾਵਾ ਆਮ ਲੋਕ ਮੌਜੂਦ ਸਨ।

LEAVE A REPLY

Please enter your comment!
Please enter your name here