ਮਾਨਸਾ 27 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ):
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਜਿਲੇ ਵਿੱਚ ਚਲਾਈ ਜਾ ਰਹੀ ਮੁਹਿੰਮ ਕਿਸਾਨੀ ਬਚਾਓ, ਜਵਾਨੀ ਬਚਾਓ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਅੱਜ ਮਾਨਸਾ ਬਲਾਕ ਦੇ ਪਿੰਡ ਕੋਟਲੀ ਕਲਾਂ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਅਮੀਰ ਵਿਰਸੇ ਦਾ ਮਾਲਕ ਪੰਜਾਬ ਜਿਹੜਾ ਗਿੱਧਾ ਭੰਗੜਾ ਅਤੇ ਸੁਡੌਲ ਸਰੀਰ ਵਾਲੇ ਗੱਭਰੂਆਂ ਲਈ ਜਾਣਿਆ ਜਾਂਦਾ ਸੀ ਪਰ ਅਫਸੋਸ਼ ਕਿ ਅੱਜ ਇਸਦੇ ਉਲਟ ਹਾਕਮਾਂ ਵੱਲੋਂ ਵਿਰਸੇ ਨੂੰ ਹੁਲਾਰਾ ਦੇਣ ਦੀ ਬਜਾਏ ਪੰਜ ਦਰਿਆਵਾਂ ਦੇ ਮਾਲਕ ਸੂਬੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਚਲਾਇਆ ਜਾ ਰਿਹਾ ਹੈ ਅਤੇ ਪਰਵਿੰਦਰ ਸਿੰਘ ਝੋਟੇ ਨੂੰ ਫੜਨਾ ਸਰਕਾਰ ਦੇ ਖੋਟੇ ਮਨਸੂਬੇ ਨੂੰ ਉਜਾਗਰ ਕਰਦਾ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਪਿੰਡਾਂ ਵਿੱਚ ਨਸ਼ਿਆਂ ਖਿਲਾਫ਼ ਮੁਹਿੰਮ ਦਾ ਨਾਹਰਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਦੂਜੇ ਪਾਸੇ ਨਸ਼ੇ ਵਿਰੁੱਧ ਜਾਗਰੂਕ ਕਰਨ ਵਾਲੇ ਨੌਜਵਾਨਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ । ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੀ 14 ਅਗਸਤ ਨੂੰ ਮਾਨਸਾ ਦੇ ਵਿੱਚ ਨਸ਼ਿਆਂ ਖਿਲਾਫ਼ ਇੱਕ ਵੱਡੀ ਲੋਕ ਲਹਿਰ ਖੜੀ ਹੋਵੇਗੀ । ਉਨ੍ਹਾਂ ਅਪੀਲ ਕੀਤੀ ਕਿ ਇਸ ਕਾਨਫਰੰਸ ਵਿੱਚ ਨੌਜਵਾਨ, ਮਾਵਾਂ ਭੈਣਾਂ ਵੱਧ ਤੋਂ ਵੱਧ ਪਹੁੰਚਣ ਦੀ ਕ੍ਰਿਪਾਲਤਾ ਕਰਨ । ਇਸ ਮੌਕੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਬਲਵਿੰਦਰ ਸ਼ਰਮਾਂ, ਜਗਦੇਵ ਸਿੰਘ, ਬਲਜੀਤ ਸਿੰਘ ਭੈਣੀ ਬਾਘਾ, ਗੁਰਤੇਜ ਸਿੰਘ, ਬਲਵਿੰਦਰ ਨੀਟਾ, ਅਜੈੱਬ ਸਿੰਘ, ਤੋਤਾ ਸਿੰਘ, ਕੁੱਕੂ ਸਿੰਘ ਨੰਬਰਦਾਰ, ਬਲਦੇਵ ਸਿੰਘ ਮਾਨ ਆਦਿ ਸ਼ਾਮਿਲ ਰਹੇ ।