ਸਰਦੂਲਗੜ੍ਹ/ਮਾਨਸਾ, 22 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ ):
ਪਿਛਲੇ ਦਿਨੀਂ ਪਹਾੜੀ ਖੇਤਰਾਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਘੱਗਰ ਵਿਚ ਵਧੇ ਪਾਣੀ ਦੇ ਪੱਧਰ ਕਰਕੇ ਜ਼ਿਲ੍ਹੇ ਦੇ ਕੁੱਝ ਪਿੰਡ ਪ੍ਰਭਾਵਿਤ ਹੋਏ ਹਨ ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ’ਤੇ ਨਜ਼ਰਸਾਨੀ ਰੱਖਦਿਆਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਭਾਵਿਤ ਪਿੰਡਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ, ਐਨ.ਡੀ.ਆਰ.ਐਫ ਅਤੇ ਮਿਲਟਰੀ ਦੀਆਂ ਟੀਮਾਂ ਰਾਹਤ ਕਾਰਜ ਵਿਚ ਜੁਟੀਆਂ ਹੋਈਆਂ ਹਨ।
ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਫੂਸਮੰਡੀ ਨੇੜੇ ਘੱਗਰ ਵਿਚ ਪਾੜ ਪੈ ਜਾਣ ਕਾਰਨ ਪਿੰਡ ਵਿਚ ਪਾਣੀ ਆਇਆ ਹੈ। ਪਿੰਡ ਵਾਸੀਆਂ ਨੇ ਜਿਲ਼੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਰਾਹਤ ਅਤੇ ਬਚਾਅ ਕਾਰਜਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ।
ਪਿੰਡ ਵਾਸੀਆਂ ਨੇ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚਾ ਪ੍ਰਸ਼ਾਸਨਿਕ ਅਮਲਾ ਤਨਦੇਹੀ ਨਾਲ ਪਿੰਡ ਵਾਸੀਆਂ ਦੀ ਰਾਹਤ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਨੋਡਲ ਅਫ਼ਸਰ ਤਹਿਸੀਲਦਾਰ ਸ੍ਰੀ ਜੀਵਨ ਕੁਮਾਰ ਗਰਗ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੂੰ ਹਰ ਲੋੜੀਂਦੀ ਸਹੂਲਤ ਉਪਲੱਬਧ ਹੋ ਰਹੀ ਹੈ, ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਸੁੱਕਾ ਰਾਸ਼ਨ, ਖਾਣ ਪੀਣ ਦੇ ਸਾਮਾਨ, ਦਵਾਈਆਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਘਰ ਹੋਏ ਲੋਕਾਂ ਲਈ ਰਾਹਤ ਕੈਂਪਾਂ ਵਿਚ ਵੀ ਲੰਗਰ ਦੇ ਨਾਲ ਨਾਲ ਦਵਾਈਆਂ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਣੀ ਨੂੰ ਪਿੰਡਾਂ ਵਿਚ ਜਾਣ ਤੋਂ ਰੋਕਣ ਲਈ ਲਗਾਤਾਰ ਪ੍ਰਸ਼ਾਸਨਿਕ ਟੀਮਾਂ, ਭਾਰਤੀ ਸੈਨਾ ਦੇ ਜਵਾਨ, ਸਮਾਜ ਸੇਵੀ ਅਤੇ ਪਿੰਡ ਵਾਸੀ ਜੁਟੇ ਹੋਏ ਹਨ ਜਿੰਨ੍ਹਾਂ ਦੀ ਮੁਸ਼ੱਕਤ ਸਦਕਾ ਪਿੰਡ ਵਿਚ ਹੁਣ ਪਾਣੀ ਘਟਣਾ ਸ਼ੁਰੂ ਹੋਇਆ ਹੈ ਅਤੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸਥਾਨਕ ਵਸਨੀਕਾਂ ਕੋਲ ਰਾਸ਼ਨ ਵੱਢੀ ਮਾਤਰਾ ਵਿਚ ਪਹੁੰਚਿਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਉੱਥੇ ਹੋਰ ਰਾਸ਼ਨ ਨਾ ਭੇਜਿਆ ਜਾਵੇ। ਉਨ੍ਹਾਂ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅਫ਼ਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਆਉਂਦਿਆਂ ਹੀ ਮੋਬਾਇਲ ’ਤੇ ਲਾਈਵ ਹੋ ਕੇ ਸਥਿਤੀ ਬਾਰੇ ਲੋਕਾਂ ਵਿਚ ਡਰ ਨਾ ਪੈਦਾ ਕਰਨ ਬਲਕਿ ਉੱਥੇ ਰੁਕ ਕੇ ਕੀਤੇ ਜਾ ਰਹੇ ਬਚਾਅ ਕਾਰਜਾਂ ਵੱਲ ਵੀ ਚਾਨਣਾ ਪਾਉਣ ਅਤੇ ਸਥਾਨਕ ਲੋਕਾਂ ਦੀ ਰਾਇ ਲੈ ਕੇ ਹੀ ਸਹੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਉਣ ਤਾਂ ਜੋ ਲੋਕਾਂ ਵਿਚ ਕਿਸੇ ਪ੍ਰਕਾਰ ਦਾ ਡਰ ਨਾ ਪੈਦਾ ਹੋ ਸਕੇ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਮਦਦ ਕਰਨ ਲਈ ਸਮੂਹ ਸਮਾਜ ਸੇਵੀਆਂ ਦਾ ਵੀ ਧੰਨਵਾਦ ਕੀਤਾ।