ਮਾਨਸਾ,14 ਜੁਲਾਈ(ਸਾਰਾ ਯਹਾਂ/ਚਨਾਂਦੀਪ ਔਲਖ):
ਮਾਨਸਾ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੀ ਰਹਿਨੁਮਾਈ ਹੇਠ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਡਾਕਟਰ ਹਰਦੀਪ ਸ਼ਰਮਾ ਐਸ ਐਮ ਓ ਬਲਾਕ ਖਿਆਲਾ ਕਲਾਂ ਅਧੀਨ ਆਉਂਦੇ ਪਿੰਡਾਂ ਵਿੱਚ ਬਰਸਾਤ ਦੇ ਖੜੇ ਪਾਣੀ ਤੇ ਲਾਰਵੇ ਦੇ ਖਾਤਮੇ ਲਈ ਸਪਰੇ ਕਰਵਾਈ ਗਈ ਅਤੇ ਕੂਲਰ, ਟੈਂਕੀਆਂ ਆਦਿ ਚੈੱਕ ਕੀਤੇ ਗਏ।
ਪਿੰਡ ਅਕਲੀਆ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਖੜੇ ਪਾਣੀ ਤੇ ਮੱਛਰ ਦਾ ਲਾਰਵਾ ਪਲਦਾ ਹੈ ਜਿਸ ਨਾਲ ਡੇਂਗੂ ਫੈਲਣ ਦਾ ਖ਼ਦਸ਼ਾ ਵੱਧ ਜਾਂਦਾ ਹੈ। ਸਿਹਤ ਕਰਮਚਾਰੀ ਅਜਿਹੀਆਂ ਥਾਵਾਂ ਦੀ ਪਹਿਚਾਣ ਕਰ ਕੇ ਉਥੇ ਲਾਰਵੀਸਾਈਡ ਦੀ ਸਪਰੇਅ ਕਰਵਾ ਰਹੇ ਹਨ ਅਤੇ ਘਰਾਂ ਵਿੱਚ ਸਰਵੇ ਕਰਕੇ ਕੂਲਰ, ਫਰਿਜ ਅਤੇ ਟੈਂਕੀਆਂ ਚੈੱਕ ਕਰ ਰਹੇ ਹਨ।
ਪਿੰਡ ਡੇਹਲੋਂ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਮਨਦੀਪ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।