ਮਾਨਸਾ 12 ਜੁਲਾਈ(ਸਾਰਾ ਯਹਾਂ/ਬੀਰਬਲ ਧਾਲੀਵਾਲ ):ਬੀਤੇ ਦਿਨੀਂ ਪਿੰਡ ਕੁਲਰੀਆਂ ਵਿੱਚ ਅਬਾਦਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੁੱਧ ਜਿਲ੍ਹੇ ਦੇ ਪਿੰਡੋਂ ਪਿੰਡੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਦਮਨਕਾਰੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਕੀਤੀ ਗਈ ਸੀ ਪਰ ਹੁਣ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ 65-70 ਸਾਲਾਂ ਤੋਂ ਜ਼ਮੀਨਾਂ ਉੱਤੇ ਕਾਬਜ਼ ਕਿਸਾਨਾਂ ਦੀਆਂ ਗਿਰਦਾਵਰੀਆਂ ਤੋੜ ਕੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ 8 ਜੁਲਾਈ ਨੂੰ ਹੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕ ਕੇ ਕੁੱਝ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਦੂਜੇ ਪਾਸੇ ਕੱਲ੍ਹ ਵਿਸ਼ਵਾਸਘਾਤ ਕਰਦੇ ਹੋਏ ਧਾੜਵੀਆਂ ਵਾਂਗੂੰ ਆ ਕੇ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਗਿਆ, ਜਿਸਤੋਂ ਸਰਕਾਰ ਦਾ ਦੋਗਲਾ ਚਿਹਰਾ ਸਾਫ਼ ਨਜ਼ਰੀਂ ਪੈਂਦਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਆਉਂਦੇ ਦਿਨਾਂ ਵਿੱਚ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ਼ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਸਮੇਂ ਬਲਜੀਤ ਸਿੰਘ, ਕਾਕਾ ਸਿੰਘ, ਸੁਖਪਾਲ ਸਿੰਘ, ਬਿੰਦਰ ਸਿੰਘ, ਮਲਕੀਤ ਸਿੰਘ, ਨਾਜ਼ਮ ਸਿੰਘ, ਚਰਨਜੀਤ ਕੌਰ, ਗੁਰਮੇਲ ਸਿੰਘ, ਗੁਰਚੇਤ ਸਿੰਘ, ਬਿੰਦਰ ਸਿੰਘ, ਦਾਰਾ ਸਿੰਘ ਆਦਿ ਸ਼ਾਮਲ ਰਹੇ ।