ਬੁਢਲਾਡਾ 6 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਬੁਢਲਾਡਾ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ 29 ਪਿੰਡ ਇਕਾਈਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਵਿੱਚ ਆਗੂਆਂ ਵੱਲੋਂ ਵਿਸ਼ੇਸ ਤੌਰ ‘ਤੇ ਸੂਬਾ ਸਰਕਾਰ ਵੱਲੋਂ ਜਮੀਨ ਹੜੱਪਣ ਲਈ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਸੰਬੰਧ ਵਿੱਚ ਪਿੰਡ ਕੁਲਰੀਆਂ ਵਿੱਚ ਚੱਲਦੇ ਅਬਾਦਕਾਰ ਕਿਸਾਨਾਂ ਦੇ ਘੋਲ ਉੱਤੇ ਧਿਆਨ ਕੇਂਦਰਿਤ ਕਰਵਾਉਂਦਿਆਂ ਇਸਨੂੰ ਕਿਰਤੀ ਵਰਗ ਨੂੰ ਜਮੀਨਾਂ ਵਿੱਚੋਂ ਬੇਦਖਲ ਕਰਨ ਅਤੇ ਪੰਚਾਇਤਾਂ ਰਾਹੀ ਕਾਰਪੋਰੇਟ ਨੂੰ ਕਾਬਜ ਕਰਵਾਉਣ ਦੀ ਕੋਝੀ ਚਾਲ ਦੱਸਿਆ । ਗੌਰਤਲਬ ਹੈ ਕਿ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਕਰੀਬ 65 ਸਾਲਾਂ ਤੋਂ ਆਪਣੀਆਂ ਕਾਬਜ਼ ਜਮੀਨਾਂ ਉੱਪਰ ਝੋਨਾ ਲਗਾਇਆ ਜਾ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ ਗਏ ਸਨ । ਅਬਾਦਕਾਰ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਆਗੂਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ ਅੱਜ ਬੁਢਲਾਡਾ ਮੈਜਿਸਟ੍ਰੇਟ ਦਫ਼ਤਰ ਵਿਖੇ ਐਸ ਡੀ ਐਮ, ਵੀ ਡੀ ਓ ਅਤੇ ਡੀ ਐਸ ਪੀ ਵੱਲੋਂ ਮੀਟਿੰਗ ਕੀਤੀ ਗਈ ਅਤੇ ਦੋਹਾਂ ਤਰਫ਼ ਦੇ ਪੱਖਾਂ ਨੂੰ ਵਿਚਾਰਿਆ ਗਿਆ । ਮੀਟਿੰਗ ਨੂੰ ਵਿਸ਼ੇਸ ਤੌਰ ‘ਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵੀ ਪਹੁੰਚੇ ਅਤੇ ਉਨ੍ਹਾਂ ਸੱਤਾਧਾਰੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਅਬਾਦਕਾਰ ਕਿਸਾਨਾਂ ਨੂੰ ਇਨਸਾਫ਼ ਦਵਾਉਣ ਲਈ ਜਥੇਬੰਦੀ ਦਾ ਸਟੈਂਡ ਸਪੱਸਟ ਕਰਦੇ ਹੋਏ ਹਰ ਪ੍ਰਸਥਿਤੀ ਦਾ ਸਾਹਮਣਾ ਕਰਨ ਦੀ ਗੱਲ ਕਹੀ ਅਤੇ ਨਾਲ ਹੀ ਅਧਿਕਾਰੀਆਂ ਨੂੰ ਗੱਲਬਾਤ ਜ਼ਰੀਏ ਅਗਲੇ ਦਿਨਾਂ ਵਿੱਚ ਕੋਈ ਸਾਰਥਕ ਹੱਲ ਕੱਢਣ ਦਾ ਸਮਾਂ ਦਿੱਤਾ । ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜਥੇਬੰਦੀ ਆਪਣੇ ਸਟੈਂਡ ਉੱਪਰ ਅਡੋਲ ਹੈ ਅਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ 13 ਜੁਲਾਈ ਨੂੰ ਭਾਕਿਯੂ (ਏਕਤਾ) ਡਕੌਂਦਾ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ ਬਰਸੀ ‘ਤੇ ਬਾਹਰਲੀ ਅਨਾਜ ਮੰਡੀ ਮਾਨਸਾ ਵਿਖੇ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਦਿਆਲਪੁਰਾ ਸਮੇਤ ਜਿਲਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਗੁਰਜੰਟ ਮਘਾਣੀਆਂ ਸਮੇਤ ਬਲਾਕ ਕਮੇਟੀ ਦੇ ਤਾਰਾ ਚੰਦ ਬਰੇਟਾ, ਰਾਮਫਲ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਦੇਵ ਪਿੱਪਲੀਆਂ, ਪਾਲਾ ਕੁਲਰੀਆਂ ਅਤੇ ਮਾਸਟਰ ਮੇਲਾ ਸਿੰਘ ਆਦਿ ਵੀ ਮੌਜੂਦ ਰਹੇ ।