4 ਜੁਲਾਈ ਮਾਨਸਾ(ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਸਰਕਾਰ ਦੁਆਰਾ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਥਾਂ ਮਾਮੂਲੀ ਤਨਖਾਹਾਂ ਵਧਾ ਕੇ ਧੋਖਾ ਦੇ ਰਹੀ ਹੈ।ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਇੱਕ ਦਸ ਸਾਲਾ ਨੀਤੀ ਜਾਰੀ ਕੀਤੀ ਸੀ ਜਿਸ ਦੇ ਤਹਿਤ ਪੰਜਾਬ ਭਰ ਵਿੱਚ 8,736 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਾਲੇ ਹੋਰਡਿੰਗ ਵੱਡੇ ਪੱਧਰ ‘ਤੇ ਲਗਾਏ ਗਏ ਸਨ। ਪਰ ਹੁਣ ਸਰਕਾਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਆਪਣੇ ਫੈਸਲੇ ਤੋਂ ਮੁੱਕਰ ਗਈ ਹੈ। ਇੱਕ ਜੁਲਾਈ ਨੂੰ ਸਰਕਾਰ ਦੇ ਇਸ ਰਵੱਈਏ ਦੇ ਵਿਰੋਧ ‘ਚ ਕੱਚੇ ਅਧਿਆਪਕਾਂ ਦੁਆਰਾ ਸੰਗਰੂਰ’ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਸ਼ਾਂਤੀਪੂਰਵਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਉਹਨਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਔਰਤ ਅਧਿਆਪਕਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ।
ਪੁਲਿਸ ਦੇ ਇਸ ਰਵੱਈਏ ਖਿਲਾਫ 3 ਅਤੇ 4 ਜੁਲਾਈ ਨੂੰ ਕੱਚੇ ਅਧਿਆਪਕਾਂ ਦੁਆਰਾ ਜ਼ਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ।ਇਸੇ ਪ੍ਰੋਗਰਾਮ ਤਹਿਤ ਅੱਜ ਵੱਡੀ ਗਿਣਤੀ ਕੱਚੇ ਅਧਿਆਪਕਾਂ ਤੋਂ ਇਲਾਵਾ ਰੈਗੂਲਰ ਅਧਿਆਪਕ ਅਤੇ ਭਰਾਤਰੀ ਜਥੇਬੰਦੀਆਂ ਦੇ ਕਾਰਕੁੰਨ ਸਥਾਨਿਕ ਬਾਲ ਭਵਨ ਵਿਖੇ ਬਾਅਦ ਦੁਪਹਿਰ ਇਕੱਠੇ ਹੋਏ। ਕੱਚੇ ਅਧਿਆਪਕਾਂ ਵੱਲੋਂ ਮਨਪ੍ਰੀਤ ਸਿੰਘ ਗੜੱਦੀ ਅਤੇ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲ ਝਾਕਦਿਆਂ ਉਹਨਾਂ ਨੂੰ ਪੰਦਰਾਂ ਪੰਦਰਾਂ ਸਾਲ ਹੋ ਚੁੱਕੇ ਹਨ, ਪਰ ਹੁਣ ਉਹਨਾਂ ਨੂੰ ਰੈਗੂਲਰ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਜਦੋਂ ਤੱਕ ਰੈਗੂਲਰ ਆਰਡਰ ਨਹੀਂ ਮਿਲ ਜਾਂਦੇ ਉਦੋਂ ਤੱਕ ਕੱਚੇ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ। ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਹਰ ਤਰੀਕੇ ਨਾਲ ਹਰ ਥਾਂ ਤੇ ਕੱਚੇ ਅਧਿਆਪਕਾਂ ਦੇ ਨਾਲ਼ ਡੱਟਕੇ ਖੜ੍ਹੀ ਹੈ।
ਇਸ ਮੌਕੇ ਜੀ ਟੀ ਯੂ ਦੇ ਗੁਰਦਾਸ ਸਿੰਘ ਰਾਏਪੁਰ ਅਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ, ਬੀ ਐੱਡ ਅਧਿਆਪਕ ਫਰੰਟ ਵੱਲੋਂ ਦਰਸ਼ਨ ਸਿੰਘ ਅਲੀਸ਼ੇਰ, ਡੀ ਟੀ ਐੱਫ ਦੇ ਹੰਸਾ ਸਿੰਘ, ਨਸ਼ਾ ਵਿਰੋਧੀ ਫਰੰਟ ਦੇ ਆਗੂ ਪਰਮਿੰਦਰ ਸਿੰਘ ਝੋਟਾ ਆਦਿ ਨੇ ਸੰਬੋਧਨ ਕੀਤਾ। ਇਸਤੋਂ ਇਲਾਵਾ ਇਸ ਮੌਕੇ ਮਨਜੀਤ ਸਿੰਘ ਅਕਲੀਆ, ਗੁਰਪ੍ਰੀਤ ਸਿੰਘ ਭੀਖੀ, ਹਰਜਿੰਦਰ ਅਨੂਪਗੜ੍ਹ, ਪਰਮਿੰਦਰ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਜਸਵੀਰ ਕੌਰ ਨੱਤ , ਸੁਖਜੀਤ ਸਿੰਘ ਰਾਮਾਨੰਦੀ , ਰਾਜਿੰਦਰ ਸਿੰਘ ਦਲੇਲ ਸਿੰਘ ਵਾਲਾ, ਰਣਜੀਤ ਸਿੰਘ ਬੁਰਜ ਰਾਠੀ, ਰਾਜਵਿੰਦਰ ਸਿੰਘ ਬਹਿਣੀਵਾਲ ਅਤੇ ਲਖਵਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ