*ਭਾਕਿਯੂ(ਏਕਤਾ) ਡਕੌਂਦਾ ਵੱਲੋਂ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਭੈਣੀ ਬਾਘਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ*

0
28

ਮਾਨਸਾ 2 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਬੀਤੇ ਦਿਨੀਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੰਗਰੂਰ ਵਿੱਚ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਅਤੇ ਹਿਰਾਸਤ ਵਿੱਚ ਲੈਣ ਦੇ ਸਾਰੇ ਘਟਨਾਕ੍ਰਮ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਅੱਜ ਪਿੰਡ ਭੈਣੀ ਬਾਘਾ ਵਿੱਚ ਸੂਬਾ ਸਰਕਾਰ ਦੀ ਅਰਥੀ ਫੂਕੀ ਗਈ । ਇਸ ਮੌਕੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਿਛਲੇ ਕਰੀਬ 10 ਸਾਲਾਂ ਤੋਂ ਉੱਪਰ ਸਮੇਂ ਤੋਂ ਨਿਰੰਤਰ ਸੇਵਾ ਦੇ ਰਹੇ 8736 ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਪਰ ਸਰਕਾਰ ਵੱਲੋਂ ਮੰਗਾਂ ਨੂੰ ਬੂਰ ਪਾਉਣ ਦੀ ਬਜਾਏ ਲਾਠੀਚਾਰਜ ਕਰਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ । ਗੌਰਤਲਬ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੋਈ ਵੀ ਸਰਵਿਸ ਰੂਲ ਲਾਗੂ ਨਾ ਕਰਕੇ ਸਿਰਫ਼ ਤਨਖਾਹਾਂ ਵਿੱਚ ਵਾਧੇ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਉੱਪਰ ਪਾਈ ਗਈ ਸੀ । ਕਿਸਾਨ ਆਗੂ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਸਰਵਿਸ ਰੂਲ ਲਾਗੂ ਨਾ ਕਰਨਾ, ਸਰਕਾਰ ਦੀ ਇੱਕ ਕੋਝੀ ਚਾਲ ਹੈ ਜਿਸਦੇ ਤਹਿਤ ਸਰਕਾਰ ਕਦੋਂ ਵੀ ਦੁਆਰਾ ਤਨਖਾਹਾਂ ਵਿੱਚ ਫੇਰਬਦਲ ਕਰ ਸਕਦੀ ਹੈ । ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਦਰਸ਼ਾਹੀ ਰਵੱਈਏ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ । ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਕਾਕਾ ਸਿੰਘ, ਦਾਰਾ ਸਿੰਘ, ਗੁਰਦੇਵ ਸਿੰਘ, ਅੰਗਰੇਜ ਚਹਿਲ, ਰਾਣੀ ਕੌਰ, ਗੁਰਵਿੰਦਰ ਕੌਰ, ਪ੍ਰੀਤ ਬੇਗਮ, ਕਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨ-ਮਜ਼ਦੂਰ ਸਾਮਲ ਹੋਏ ।

LEAVE A REPLY

Please enter your comment!
Please enter your name here