*ਪਰਵਾਸੀ ਅਬਾਦੀ ਨੂੰ ਡੇਂਗੂ, ਮਲੇਰੀਆ ਆਦਿ ਬਾਰੇ ਜਾਗਰੂਕ ਕੀਤਾ*

0
76

ਮਾਨਸਾ, 24 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ ):ਸਿਹਤ ਵਿਭਾਗ ਪੰਜਾਬ ਵੱਲੋਂ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਜੂਨ ਮਹੀਨੇ ਨੂੰ ਮਲੇਰੀਆ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਸਿਹਤ ਕਰਮਚਾਰੀ ਵੱਖ ਵੱਖ ਗਤੀਵਿਧੀਆਂ ਕਰ ਕੇ ਲੋਕਾਂ ਨੂੰ ਮਲੇਰੀਆ ਅਤੇ ਡੇਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹਨ ਅਤੇ ਇਲਾਜ ਬਾਰੇ ਜਾਣੂ ਕਰਵਾਉਂਦੇ ਹਨ। ਇਸੇ ਲੜੀ ਤਹਿਤ ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਅਤੇ ਸ੍ਰੀ ਸੰਤੋਸ਼ ਭਾਰਤੀ ਜੀ ਦੀ ਅਗਵਾਈ ਹੇਠ ਵੱਖ ਵੱਖ ਸਬ ਸੈਂਟਰਾਂ ਤੇ ਤੈਨਾਤ ਸਿਹਤ ਵਰਕਰਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਡਾਕਟਰ ਹਰਦੀਪ ਸ਼ਰਮਾ ਐਸ ਐਮ ਓ ਬਲਾਕ ਖਿਆਲਾ ਕਲਾਂ ਦੀ ਦੇਖਰੇਖ ਹੇਠ ਨੰਗਲ ਕਲਾਂ ਅਤੇ ਹੀਰੇਵਾਲਾ ਵਿਖੇ ਭੱਠਿਆਂ ਅਤੇ ਪੈਰਾਂ ਉਤੇ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੂੰ ਮਲੇਰੀਆ, ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਬੋਲਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਮਲੇਰੀਆ ਅਤੇ ਡੇਗੂ ਤੋਂ ਬਚਾਅ ਲਈ ਮੱਛਰ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਆਲੇ ਦੁਆਲੇ ਅਤੇ ਘਰ ਵਿੱਚ ਵਾਧੂ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਕੂਲਰਾਂ ਨੂੰ ਹਫਤੇ ਵਿਚ ਇਕ ਵਾਰ ਸੁਕਾ ਕੇ ਭਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਮਲੇਰੀਆ ਹੋਣ ਤੇ ਛੇਤੀ ਤੋਂ ਛੇਤੀ ਇਲਾਜ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਮਲੇਰੀਆ ਅਤੇ ਡੇਗੂ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੁੰਦਾ ਹੈ। ਇਸ ਮੌਕੇ ਰਮਨਦੀਪ ਕੌਰ ਏ ਐਨ ਐਮ ਅਤੇ ਬਲਜੀਤ ਕੌਰ ਆਸ਼ਾ ਫੈਸਲੀਟੇਟਰ ਨੇ ਪਰਵਾਸੀ ਔਰਤਾਂ ਨੂੰ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਅਤੇ ਸੰਸਥਾਗਤ ਜਣੇਪੇ ਦੀ ਅਹਿਮੀਅਤ ਤੇ ਜ਼ੋਰ ਦਿੱਤਾ।
ਕੈਪਸਨ: ਪਰਵਾਸੀ ਮਜ਼ਦੂਰਾਂ ਨੂੰ ਜਾਣਕਾਰੀ ਦੇਣ ਸਮੇਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ, ਰਮਨਦੀਪ ਕੌਰ ਅਤੇ ਬਲਜੀਤ ਕੌਰ।

LEAVE A REPLY

Please enter your comment!
Please enter your name here