ਮਾਨਸਾ 23 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਖੂਹੀ ਵਾਲਾ ਡੇਰਾ ਨੇੜੇ ਕੈਂਚੀਆਂ ਮਾਨਸਾ ਵਿਖੇ ਹੋਈ । ਜਿਸ ਵਿੱਚ ਮੁੱਖ ਤੌਰ ਤੇ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿਖੇ ਪਿਛਲੇ 65-70 ਸਾਲਾ ਤੋਂ ਕਾਬਜ਼ ਕਾਸ਼ਤਕਾਰ ਕਿਸਾਨਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਜਬਰੀ ਤੌਰ ਤੇ ਜ਼ਮੀਨ ਤੋਂ ਬੇਦਖਲ ਕਰਨ ਦਾ ਮਸਲਾ ਵਿਚਾਰਿਆ ਗਿਆ ਹੈ ਅਤੇ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਆਬਾਦਕਾਰ ਕਿਸਾਨਾਂ ਦੇ ਇਸ ਉਜਾੜੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ । ਜਿਸਦੀ ਪਹਿਲੀ ਕੜੀ ਵਜੋਂ 27 ਜੂਨ ਨੂੰ ਡੀ ਸੀ ਕੰਪਲੈਕਸ ਮਾਨਸਾ ਵਿਖੇ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਨਸਾ ਦੀ ਇਸ ਧੱਕੇਸ਼ਾਹੀ ਵਿਰੁੱਧ ਰੋਹ ਭਰਪੂਰ ਧਰਨਾ ਦਿੱਤਾ ਜਾਵੇਗਾ । ਵਰਨਣਯੋਗ ਹੈ ਕਿ ਪਿੰਡ ਕੁਲਰੀਆਂ ਦੀ ਸਾਂਝੀ ਬੱਚਤ ਜ਼ਮੀਨ ਵਿੱਚ ਜੋ ਕਿ ਚੱਕਬੰਦੀ ਤੋਂ ਬਾਅਦ ਕਿਸਾਨਾਂ ਵਿੱਚ ਕੀਤੀ ਵੰਡ ਅਨੁਸਾਰ ਪਿਛਲੇ 65-70 ਸਾਲਾਂ ਤੋਂ ਕਿਸਾਨ ਜ਼ਮੀਨ ਨੂੰ ਆਬਾਦ ਕਰਕੇ ਕਾਸ਼ਤ ਕਰਦੇ ਆ ਰਹੇ ਹਨ ਅਤੇ ਮਾਲ ਰਿਕਾਰਡ ਵਿੱਚ ਗਿਰਦਾਵਰੀ ਵੀ ਆਬਾਦਕਾਰ ਕਿਸਾਨਾਂ ਦੇ ਨਾਮਪਰ ਹੈ । ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਿਊਬਬੈਲ, ਮੋਟਰ ਕੁਨੈਕਸ਼ਨ ਅਤੇ ਰਿਹਾਇਸ਼ੀ ਮਕਾਨ ਵੀ ਬਣਾਏ ਹੋਏ ਹਨ ਪ੍ਰੰਤੂ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਾਰਨ ਮਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਗਿਰਦਾਵਰੀਆਂ ਤਬਦੀਲ ਕੀਤੀਆਂ ਜਾ ਰਹੀਆਂ ਹਨ ਅਤੇ ਬਿਨਾਂ ਕਿਸੇ ਅਦਾਲਤੀ ਪ੍ਰਕਿਰਿਆ ਦੇ ਸਿੱਧੇ ਤੌਰ ‘ਤੇ ਕਿਸਾਨਾਂ ਦੀ ਜ਼ਮੀਨ ਉੱਤੇ ਭੂੰ ਮਾਫ਼ੀਆ ਦੇ ਕੁੱਝ ਲੋਕਾਂ ਦੇ ਨਾਮ ‘ਤੇ ਪੰਚਾਇਤੀ ਬੋਲੀ ਦਿਖਾ ਕੇ ਕਬਜ਼ਾ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਜਿਸਨੂੰ ਹਰਗਿਜ਼ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਅਤੇ ਜਿਲਾ ਕਮੇਟੀ ਦੇ ਵਿੱਤ ਸਕੱਤਰ ਦੇਵੀ ਰਾਮ ਸ਼ਰਮਾਂ, ਜਨਰਲ ਸਕੱਤਰ ਬਲਵਿੰਦਰ ਸਰਮਾਂ, ਮੀਤ ਪ੍ਰਧਾਨ ਬਲਕਾਰ ਸਿੰਘ ਚਹਿਲ, ਕਮੇਟੀ ਮੈਂਬਰ ਜਗਦੇਵ ਸਿੰਘ ਕੋਟਲੀ ਕਲਾਂ ਅਤੇ ਬਲਾਕਾਂ ਦੇ ਆਗੂ ਸੱਤਪਾਲ ਸਿੰਘ ਵਰ੍ਹੇ, ਗੁਰਚਰਨ ਸਿੰਘ ਉੱਲਕ, ਬਲਜੀਤ ਸਿੰਘ ਭੈਣੀ ਬਾਘਾ, ਕੁਲਦੀਪ ਸਿੰਘ ਚਹਿਲਾਂਵਾਲੀ, ਮਿੱਠੂ ਸਿੰਘ ਪੇਰੋਂ, ਗੁਰਾ ਸਿੰਘ ਭਲਾਈਕੇ, ਮਿੱਠੂ ਸਿੰਘ ਭੰਮੇ ਕਲਾਂ, ਬਿੰਦਰ ਸਿੰਘ ਭੰਮੇ ਖੁਰਦ, ਲਾਭ ਸਿੰਘ, ਰੂਪ ਸ਼ਰਮਾਂ ਖਿਆਲਾ ਕਲਾਂ, ਪਾਲਾ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਕੁਲਰੀਆਂ ਆਦਿ ਮੌਜੂਦ ਰਹੇ ।