*ਸੁਖਬੀਰ ਬਾਦਲ ਦੀ ਹਾਲਤ ਉਤੇ ਤਰਸ ਆਉਂਦਾ ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ਬਾਰੇ ਪੰਜਾਬ ਦੀ ਉੱਕਾ ਹੀ ਸਮਝ ਨਹੀਂ *

0
51

ਚੰਡੀਗੜ੍ਹ, 17 ਜੂਨ(ਸਾਰਾ ਯਹਾਂ/ਹਿਤੇਸ਼ ਸ਼ਰਮਾ ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਬਿਨਾਂ ਸ਼ੱਕ ਉਨ੍ਹਾਂ ਉਪਰ ਪੰਜਾਬ ਦੇ ਵਿਕਾਸ ਦਾ ਪਾਗਲਪਣ ਸਵਾਰ ਹੈ ਕਿਉਂਕਿ ਉਹ ਦਿਨ-ਰਾਤ ਪੰਜਾਬ ਵਾਸੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਆਪਣੇ ਜਾਂ ਪਰਿਵਾਰ ਦੇ ਨਿੱਜੀ ਮੁਫਾਦਾਂ ਦੀ ਖਾਤਰ ਕੰਮ ਨਹੀਂ ਕਰਦੇ।


  ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਉਸ ਦੇ ਪਰਿਵਾਰ ਦੇ ਦੋਗਲੇ ਕਿਰਦਾਰ ਅਤੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈ। ਭਗਵੰਤ ਮਾਨ ਨੇ ਕਿਹਾ, “ਮੈਨੂੰ ਦੂਜੇ ਸੂਬੇ ਅਤੇ ਵਿਦੇਸ਼ਾਂ ਵਿੱਚੋਂ ਪੜ੍ਹ ਹੋਏ ਸੁਖਬੀਰ ਬਾਦਲ ਦੀ ਹਾਲਤ ਉਤੇ ਤਰਸ ਆਉਂਦਾ ਹੈ ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ਉਤੇ ਸੂਬੇ ਬਾਰੇ ਭੋਰਾ ਵੀ ਸਮਝ ਨਹੀਂ ਹੈ। ਸੁਖਬੀਰ ਦੀ ਤੁੱਛ ਬੁੱਧੀ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਸੂਬੇ ਦੀ ਸੇਵਾ ਕਰ ਚੁੱਕੇ ਮੁੱਖ ਮੰਤਰੀਆਂ ਦੇ ਨਾਮ ਤੱਕ ਵੀ ਨਹੀਂ ਪਤਾ।”


ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ, “ਤੁਹਾਡੇ ਹਿਸਾਬ ਨਾਲ ਤਾਂ ਮੈਂ ਪਾਗਲ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਨਹੀਂ ਬਣਾਉਂਦਾ, ਮੈਂ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਨਹੀਂ ਕਰਦਾ, ਸੂਬੇ ਵਿਚ ਲੱਗਣ ਵਾਲੇ ਉਦਯੋਗ ਵਿੱਚ ਹਿੱਸਾ ਨਹੀਂ ਮੰਗਦਾ, ਮਾਫੀਏ ਨੂੰ ਸਿਰ ਨਹੀਂ ਚੁੱਕਣ ਦਿੰਦਾ ਅਤੇ ਸੂਬੇ ਨੂੰ ਲੀਹੋਂ ਲਾਹੁਣ ਵਾਲੇ ਘਿਨਾਉਣੇ ਮਨਸੂਬਿਆਂ ਦਾ ਭਾਈਵਾਲ ਨਹੀਂ ਬਣਦਾ। ਮੇਰੇ ਉਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਲੋਕਾਂ ਦੀ ਭਲਾਈ ਕਰਨ ਦਾ ਪਾਗਲਪਣ ਸਵਾਰ ਹੈ।” ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੇ ਸੱਤਾਧਾਰੀਆਂ ਵਾਂਗ ਗੈਰ-ਕਾਨੂੰਨੀ ਢੰਗ ਨਾਲ ਪੈਸਾ ਨਹੀਂ ਕਮਾਉਂਦੇ ਸਗੋਂ ਉਨ੍ਹਾਂ ਉਪਰ ਸਮਰਪਿਤ ਭਾਵਨਾ ਨਾਲ ਸੂਬੇ ਦੀ ਸੇਵਾ ਕਰਨ ਦਾ ਜਨੂੰਨ ਸਵਾਰ ਹੈ।


ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ, “ਤੁਹਾਨੂੰ ਤੇ ਤੁਹਾਡੇ ਕੁਨਬੇ ਦੇ ਬਾਕੀ ਮੈਂਬਰਾਂ ਨੂੰ ਤਾਂ ਤੁਹਾਡੇ ਪਿਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਹਨ ਜਦਕਿ ਮੈਂ ਲੋਕਾਂ ਦੇ ਭਰੋਸੇ ਤੇ ਪਿਆਰ ਸਦਕਾ ਸੂਬੇ ਦੇ ਸੇਵਾ ਨਿਭਾਅ ਰਿਹਾ ਹਾਂ।” ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਤੇ ਉਸ ਦੀ ਜੁੰਡਲੀ ਨੇ ਆਪਣੇ ਸੌੜੇ ਹਿੱਤ ਪਾਲਣ ਲਈ ਸੂਬੇ ਨੂੰ ਲੁੱਟਿਆ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਉਖੇੜ ਕੇ ਸੁੱਟ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਾਸੀਆਂ ਦੀ ਖਾਤਰ ਆਪਣਾ ਜੀਵਨ ਸਮਰਪਿਤ ਕੀਤਾ ਹੈ ਜਦਕਿ ਇਨ੍ਹਾਂ ਨੇ ਲੀਡਰਾਂ ਨੇ ਸਿਰਫ ਤੇ ਸਿਰਫ ਆਪਣੇ ਪਰਿਵਾਰਾਂ ਦੀ ਖਾਤਰ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਸੂਬੇ ਦੇ ਹਿੱਤ ਦਾਅ ਉਤੇ ਲਾ ਕੇ ਪਰਿਵਾਰਪ੍ਰਸਤੀ ਨੂੰ ਤਰਜੀਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਹੇ ਹਨ।

LEAVE A REPLY

Please enter your comment!
Please enter your name here