*ਪਟਵਾਰੀਆਂ ਦੀ ਸ਼ਾਮਤ! ਮੌਜੂਦਾ ਹੀ ਨਹੀਂ ਸਗੋਂ ਹੁਣ ਸੇਵਾ ਮੁਕਤ ਪਟਵਾਰੀਆਂ ‘ਤੇ ਵੀ ਐਕਸ਼ਨ*

0
226

ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਲ 2016 ਵਿੱਚ 2500 ਰੁਪਏ ਰਿਸ਼ਵਤ ਲੈਣ ਤੇ ਇੰਤਕਾਲ ਦੀ ਜਮ੍ਹਾਂਬੰਦੀ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਸੇਵਾਮੁਕਤ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Punjab News (ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਆਉਣ ਮਗਰੋਂ ਭ੍ਰਿਸ਼ਟ ਪਟਵਾਰੀਆਂ ਦੀ ਸ਼ਾਮਤ ਆਈ ਹੋਈ ਹੈ। ਹੈਰਾਨ ਦੀ ਗੱਲ ਤਾਂ ਇਹ ਹੈ ਕਿ ਮੌਜੂਦਾ ਹੀ ਨਹੀਂ ਸਗੋਂ ਗਲਤ ਕੰਮ ਕਰਨ ਵਾਲੇ ਸੇਵਾ ਮੁਕਤ ਪਟਵਾਰੀਆਂ ਖਿਲਾਫ ਵੀ ਐਕਸ਼ਨ ਹੋ ਰਿਹਾ ਹੈ। ਅਜਿਹੀ ਤਾਜ਼ਾ ਮਾਮਲਾ ਜਲਾਲਾਬਾਦ ਵਿੱਚ ਤਾਇਨਾਤ ਰਹੇ ਪਟਵਾਰੀ ਦਾ ਸਾਹਮਣੇ ਆਇਆ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਲ 2016 ਵਿੱਚ 2500 ਰੁਪਏ ਰਿਸ਼ਵਤ ਲੈਣ ਤੇ ਇੰਤਕਾਲ ਦੀ ਜਮ੍ਹਾਂਬੰਦੀ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਸੇਵਾਮੁਕਤ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਵਾਰੀ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਮਾਲ ਹਲਕਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਸੀ। 

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਕਬਾਲ ਸਿੰਘ ਨੂੰ ਰਾਜੇਸ਼ ਕੁਮਾਰ ਵਾਸੀ ਪੰਜੇ ਕੇ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਨੇ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਟਵਾਰੀ ਨੇ ਚਾਰ ਮਰਲੇ ਦੇ ਪਲਾਟ, ਜਿਸ ਦੀ ਉਸ (ਸ਼ਿਕਾਇਤਕਰਤਾ) ਨੇ ਆਪਣੀ ਮਾਤਾ ਕਿਰਪਾ ਰਾਣੀ ਪਾਸੋਂ ਟਰਾਂਸਫਰ ਡੀਡ ਰਾਹੀਂ ਰਜਿਸਟਰੀ ਕਰਵਾਈ ਸੀ, ਦਾ ਇੰਤਕਾਲ ਦਰਜ ਕਰਵਾਉਣ ਬਦਲੇ 2500 ਰੁਪਏ ਰਿਸ਼ਵਤ ਲਈ ਸੀ।

ਇਸ ਮਗਰੋਂ ਜਦੋਂ ਸ਼ਿਕਾਇਤਕਰਤਾ ਨੇ ਪਲਾਟ ‘ਤੇ ਬੈਂਕ ਤੋਂ ਕਰਜ਼ਾ ਲੈਣ ਲਈ ਜਮ੍ਹਾਂਬੰਦੀ ਦੀ ਕਾਪੀ ਦਿੱਤੀ ਤਾਂ ਉਸ ਨੂੰ ਬੈਂਕ ਅਧਿਕਾਰੀਆਂ ਤੋਂ ਪਤਾ ਲੱਗਾ ਕਿ ਪਲਾਟ ਦੇ ਦਸਤਾਵੇਜ਼ ਜਾਅਲੀ ਹਨ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਹ ਦਸਤਾਵੇਜ਼ ਮੁਹਾਲੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਪੜਤਾਲ ਲਈ ਭੇਜੇ ਤਾਂ ਪਤਾ ਲੱਗਾ ਕਿ ਪਟਵਾਰੀ ਨੇ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੂੰ ਜਾਅਲੀ ਦਸਤਾਵੇਜ਼ ਜਾਰੀ ਕੀਤੇ ਸਨ। ਇਸ ਸਬੰਧੀ ਪਟਵਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here