(ਸਾਰਾ ਯਹਾਂ/ਬਿਊਰੋ ਨਿਊਜ਼ ) ਬੀਤੇ ਦਿਨੀਂ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਆਪ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉੱਥੇ ਹੀ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਾਨੂੰ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਅਸੀਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਵਾਂਗੇ ਅਤੇ ਵਰਕਰਾਂ ਨੂੰ ਮਿਲਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ, ਇਸ ‘ਤੇ ਕੰਮ ਕਰਾਂਗੇ।
ਔਰਤਾਂ ਨੂੰ 2027 ਤੋਂ ਪਹਿਲਾਂ ਮਿਲਣਗੇ 1000 ਰੁਪਏ
ਪੰਜਾਬ ਦੀਆਂ ਔਰਤਾਂ ਨੂੰ 2027 ਤੋਂ ਪਹਿਲਾਂ 1000 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਸਾਡੀ ਪਾਰਟੀ ਵੱਲੋਂ ਜਿਹੜੇ ਵੀ ਚੋਣ ਵਾਅਦੇ ਕੀਤੇ ਗਏ ਸੀ, ਉਨ੍ਹਾਂ ਨੂੰ ਅਸੀਂ 5 ਸਾਲਾਂ ਦੇ ਅੰਦਰ-ਅੰਦਰ ਪੂਰਾ ਕਰਾਂਗੇ। ਕਾਰਜਕਾਰੀ ਪ੍ਰਧਾਨ ਬੁੱਧਰਾਮ ਨੇ ਕਿਹਾ ਕਿ ਪਾਰਟੀ ਨੇ ਪਹਿਲੇ ਸਾਲ ਵਿੱਚ ਹੀ ਕਈ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਛੇਤੀ ਹੀ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਵਾਲਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ। ਕੇਂਦਰ ਨੇ ਸਾਡੇ ਫੰਡ ਬੰਦ ਕਰ ਦਿੱਤੇ ਹਨ, ਜਿਵੇਂ ਹੀ ਫੰਡ ਜਾਰੀ ਹੁੰਦਾ ਹੈ, ਉਵੇਂ ਹੀ ਵਾਅਦਾ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ ਅਤੇ 2027 ਤੋਂ ਪਹਿਲਾਂ ਔਰਤਾਂ ਨੂੰ ਇੱਕ ਹਜ਼ਾਰ ਰੁਪਈਆ ਜ਼ਰੂਰ ਮਿਲੇਗਾ।
ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਕੇਂਦਰ ਸਰਕਾਰ ਸਾਡੇ ਨਾਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਉਨ੍ਹਾਂ ਨੇ ਸਾਡੇ ਬਹੁਤ ਸਾਰੇ ਫੰਡ ਰੋਕ ਲਏ ਹਨ, ਭਾਵੇਂ ਇਹ ਸਾਡੇ ਆਰਡੀਐਫ ਦੇ ਪੈਸੇ ਹਨ ਜਾਂ ਸਾਡੀ ਮਾਰਕੀਟ ਫੀਸ ਦੇ ਪੈਸੇ ਹੋਣ। ਸਾਡੇ ਪੈਸੇ ਰੁਕੇ ਹੋਏ ਹਨ, ਜਿਸ ਕਾਰਨ ਪੰਜਾਬ ਵਿੱਚ ਹੋਣ ਵਾਲੇ ਕੰਮ ਵੀ ਰੁਕੇ ਹੋਏ ਹਨ। ਜਿਵੇਂ ਹੀ ਇਹ ਪੈਸਾ ਜਾਰੀ ਹੋਵੇਗਾ, ਉਵੇਂ ਹੀ ਇਹ ਪੈਸਾ ਆਮ ਲੋਕਾਂ ‘ਤੇ ਲਾਇਆ ਜਾਵੇਗਾ।