(ਸਾਰਾ ਯਹਾਂ/ ਮੁੱਖ ਸੰਪਾਦਕ): ਅੱਜ ਵਿਸ਼ਵ ਖੂਨਦਾਨੀ ਦਿਵਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਇਕੱਤੀ ਕਿਲੋਮੀਟਰ ਦੀ ਸਾਇਕਲ ਰਾਈਡ ਕਰਦਿਆਂ ਪਿੰਡ ਫੱਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ ਸ਼੍ਰੀ ਭਾਈ ਬਹਿਲੋ ਜੀ ਵਿਖੇ ਜੁੜੀ ਸੰਗਤ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਿੱਥੇ ਸਾਇਕਲਿੰਗ ਕਰਕੇ ਲੋਕਾਂ ਨੂੰ ਸਾਇਕਲਿੰਗ ਲਈ ਜਾਗਰੂਕ ਕਰਦੇ ਹਨ ਉਸ ਦੇ ਨਾਲ ਵੱਖ ਵੱਖ ਸਮਿਆਂ ਤੇ ਸਮਾਜਸੇਵੀ ਕੰਮ ਕਰਨ ਲਈ ਵੀ ਪੇ੍ਰਿਤ ਕਰਦੇ ਹਨ ਇਸੇ ਲੜੀ ਤਹਿਤ ਅੱਜ ਖੂਨਦਾਨੀ ਦਿਵਸ ਮੌਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਖੂਨਦਾਨੀ ਪੇ੍ਰਕ ਸੰਜੀਵ ਪਿੰਕਾਂ ਨੇ ਦੱਸਿਆ ਕਿ ਅੱਜ ਦਾ ਦਿਨ ਖੂਨਦਾਨ ਕਰਕੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਵਾਲੇ ਖੂਨਦਾਨੀਆਂ ਦਾ ਧੰਨਵਾਦ ਕਰਨ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ ਇਹ ਦਿਨ ਪਹਿਲੀ ਵਾਰ ਸੰਨ 2004 ਵਿੱਚ ਮਨਾਇਆ ਗਿਆ ਅਤੇ ਇਸ ਦਿਨ ਦੀ ਚੋਣ ਉੱਘੇ ਸਾਇੰਸਦਾਨ ਕਾਰਲੈਂਡਸਟੀਨਰ ਜਿਸਨੂੰ ਕਿ ਏ ਬੀ ਓ ਬਲੱਡ ਗਰੁੱਪ ਦੀ ਖੋਜ ਕਰਨ ਦਾ ਮਾਨ ਹਾਸਲ ਹੋਇਆ ਸੀ ਦੇ ਜਨਮਦਿਨ ਹੋਣ ਕਰਕੇ ਕੀਤੀ ਗਈ ਹੈ। ਕਾਰਲੈਂਡਸਟੀਨਰ ਨੂੰ ਸੰਨ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹਰੇਕ ਅਠਾਰਾਂ ਸਾਲ ਤੋਂ ਪੈਂਹਠ ਸਾਲ ਦੇ ਤੰਦਰੁਸਤ ਵਿਅਕਤੀ ਨੂੰ ਇੱਕ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਤੁਹਾਡਾ ਦਾਨ ਕੀਤਾ ਖੂਨ 28 ਤੋਂ 48 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ। ਜਿੱਥੇ ਖੂਨਦਾਨ ਕਰਨ ਨਾਲ ਕਮਜ਼ੋਰੀ ਨਹੀਂ ਆਉਂਦੀ ਉਸ ਦੇ ਨਾਲ ਹੀ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਕੇ ਮਾਨਸਿਕ ਸੰਤੁਸ਼ਟੀ ਜ਼ਰੂਰ ਮਿਲਦੀ ਹੈ ਕਿਉਂਕਿ ਚਾਹੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਖੂਨ ਦਾ ਕੋਈ ਬਦਲ ਨਹੀਂ ਹੈ ਖੂਨ ਦੇ ਲੋੜੀਂਦੇ ਮਰੀਜ਼ਾਂ ਦੀ ਜਾਨ ਖੂਨਦਾਨ ਦੇ ਕੇ ਹੀ ਬਚਾਈ ਜਾ ਸਕਦੀ ਹੈ।ਸੀਨੀਅਰ ਮੈਂਬਰ ਕਿ੍ਸ਼ਨ ਗਰਗ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਖੂਨਦਾਨ ਪ੍ਰਤੀ ਗਲਤ ਸ਼ੰਕਾਵਾਂ ਨੂੰ ਦੂਰ ਕੀਤਾ ਗਿਆ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸੰਜੀਵ ਕੁਮਾਰ, ਪ੍ਰਵੀਨ ਟੋਨੀ ਸ਼ਰਮਾ, ਕ੍ਰਿਸ਼ਨ ਗਰਗ, ਸੰਜੀਵ ਪਿੰਕਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।