*ਜਨਤਕ ਵਫਦਾਂ ਨੂੰ ਬੁਲਾ ਕੇ ਸਮਾਂ ਨਾ ਦੇਣ ਬਦਲੇ ਮਾਨਸਾ ਦੇ ਨਸ਼ਾ ਵਿਰੋਧੀ ਮੁਹਿੰਮ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਭੇਜੀਆਂ ਫਿੱਟ ਲਾਹਣਤਾਂ*

0
117

ਮਾਨਸਾ, 10 ਜੂਨ 2023(ਸਾਰਾ ਯਹਾਂ/  ਮੁੱਖ ਸੰਪਾਦਕ) : ਅੱਜ ਕੈਬਨਿਟ ਮੀਟਿੰਗ ਲਈ ਮਾਨਸਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਮਾਂ ਦੇ ਕੇ ਜਨਤਕ ਜਥੇਬੰਦੀਆਂ ਦੇ ਵਫਦਾਂ ਨੂੰ ਨਾ ਮਿਲਣ ਬਦਲੇ ਜ਼ਿਲੇ ਵਿਚ ਨਸ਼ਿਆਂ ਦੇ ਮਾਰੂ ਕਾਰੋਬਾਰ ਖ਼ਿਲਾਫ਼ ਮੁਹਿੰਮ ਚਲਾ ਰਹੇ ‘ਨਸੇ ਨਹੀਂ, ਰੁਜ਼ਗਾਰ ਦਿਓ’ ਅਤੇ ‘ਐਂਟੀ ਡਰੱਗ ਫੋਰਸ’ ਦੇ ਆਗੂਆਂ ਨੇ ਇਸ ਵਾਦਾ ਖਿਲਾਫੀ ਬਦਲੇ ਮੁੱਖ ਮੰਤਰੀ ਮਾਨ ਨੂੰ ਫਿੱਟ ਲਾਹਣਤਾਂ ਭੇਜੀਆਂ ਨੇ।
ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਬੁਲਾਏ ਗਏ ਵਫਦ ਵਿਚ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਝੋਟਾ, ਜਸਬੀਰ ਕੌਰ ਨੱਤ, ਕ੍ਰਿਸ਼ਨ ਸਿੰਘ ਚੌਹਾਨ, ਡਾਕਟਰ ਧੰਨਾ ਮੱਲ ਗੋਇਲ ਅਤੇ ਸੁਰਿੰਦਰ ਕੁਮਾਰ ਸ਼ਾਮਲ ਸਨ। ਇੰਨਾਂ ਆਗੂਆਂ ਨੇ ਦਸਿਆ ਕਿ ਉਨਾਂ ਨੇ ਮੁੱਖ ਮੰਤਰੀ ਨੂੰ ਜ਼ਿਲੇ ਵਿਚ ਮਾਨਸਾ ਮੈਡੀਕਲ ਹਾਲ ਸਮੇਤ ਕੁਝ ਮੈਡੀਕਲ ਸਟੋਰਾਂ ਵਲੋਂ ਵੱਡੇ ਪੈਮਾਨੇ ‘ਤੇ ਖੁੱਲੇਆਮ ਮੈਡੀਕਲ ਨਸ਼ਿਆਂ ਦੀ ਵਿਕਰੀ ਕਰਨ ਅਤੇ ਪੁਲਸ ਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵਲੋਂ ਅਜਿਹੇ ਅਨਸਰਾਂ ਤੋਂ ਮੋਟੀਆਂ ਰਕਮਾਂ ਵਸੂਲਣ ਤੇ ਬਦਲੇ ਵਿਚ ਇੰਨਾਂ ਦੀ ਸਰਪ੍ਰਸਤੀ ਕਰਨ ਬਦਲੇ ਇੰਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਸਨ। ਸਾਡੀ ਮੰਗ ਸੀ ਕਿ ਕਾਲੇ ਕਾਰੋਬਾਰ ‘ਚ ਸ਼ਾਮਲ ਇੰਨਾਂ ਮੈਡੀਕਲ ਸਟੋਰ ਮਾਲਕਾਂ ਤੇ ਸਰਕਾਰੀ ਅਧਿਕਾਰੀਆਂ, ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਨੇੜਲਿਆਂ ਦੀਆਂ ਚੱਲ ਅਚੱਲ ਸੰਪਤੀਆਂ ਦੀ ਜਾਂਚ  ਸਟੇਟ ਵਿਜੀਲੈਂਸ ਤੋਂ ਕਰਵਾਈ ਜਾਵੇ। ਇੰਨਾਂ ਨਸ਼ੇ ਦੇ ਸੌਦਾਗਰਾਂ ਨਾਲ ਗੁਪਤ ਮੀਟਿੰਗ ਕਰਨ ਪਿਛੋਂ ਉਨਾਂ ਦੇ ਕਹਿਣ ‘ਤੇ ਜਿੰਨਾਂ ਵੀ ਪੁਲਸ ਅਫਸਰਾਂ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਝੂਠੇ ਕੇਸ ਵਿਚ ਫਸਾਇਆ ਅਤੇ ਨਾਬਾਲਗ ਬੱਚੇ ਕਾਲੀ ਤੇ ਆਕਾਸ਼ਦੀਪ ਨਾਮਕ ਨੌਜਵਾਨ ਨੂੰ ਨਜਾਇਜ਼ ਹਿਰਾਸਤ ਵਿਚ ਰੱਖ ਕੇ ਉਨਾਂ ਨੂੰ ਜਾਤੀ ਤੇ ਧਾਰਮਿਕ ਤੌਰ ‘ਤੇ ਅਪਮਾਨਤ ਕੀਤਾ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਉਨਾਂ ਸਾਰਿਆਂ ਖ਼ਿਲਾਫ਼ ਪੁਲਸ ਕੇਸ ਦਰਜ ਕੀਤਾ ਜਾਵੇ, ਪਰ ਮੁੱਖ ਮੰਤਰੀ ਨੇ ਵਫ਼ਦ ਨੂੰ ਸਮਾਂ ਨਾ ਦੇ ਕੇ ਅਪਣੇ ਨਾਹਰੇ “ਸਰਕਾਰ ਤੁਹਾਡੇ ਦਰਬਾਰ” ਦਾ ਖੁਦ ਹੀ ਜਲੂਸ ਕੱਢ ਲਿਆ ਹੈ। 
ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹਾ ਗ਼ੈਰ ਜ਼ਿੰਮੇਵਾਰ ਵਰਤਾਓ ਕਰਕੇ ਭਗਵੰਤ ਮਾਨ ਨੇ ਨਾ ਸਿਰਫ ਜ਼ਿਲੇ ਦੀ ਪੁਲਸ ਤੇ ਅਫ਼ਸਰਸ਼ਾਹੀ ਨੂੰ ਅਪਮਾਨਤ ਕੀਤਾ ਹੈ, ਉਥੇ ਮਾਨਸਾ ਜਿਲੇ ਲਈ ਕੋਈ ਵੀ ਸਾਰਥਕ ਐਲਾਨ ਨਾ ਕਰਕੇ ‘ਹਾਥੀ ਦੇ ਦੰਦ ਖਾਣ ਨੂੰ ਹੋਰ, ਵਿਖਾਉਣ ਨੂੰ ਹੋਰ’ ਵਾਲੀ ਕਹਾਵਤ ਨੂੰ ਮੁੜ ਸਹੀ ਸਾਬਤ ਕਰ ਦਿੱਤਾ ਹੈ।

LEAVE A REPLY

Please enter your comment!
Please enter your name here