ਮਾਨਸਾ 8 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼ ) —- ਕਾਂਗਰਸ ਪਾਰਟੀ ਦੀ ਸਪੋਕਸਮੈਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੀ ਦਾਅਵੇਦਾਰ ਅਮ੍ਰਿਤ ਗਿੱਲ ਨੇ ਕਿਹਾ ਹੈ ਕਿ ਦੇਸ਼ ਅੰਦਰ ਕੇਂਦਰ ਸਰਕਾਰ ਦੇ ਰੁੱਖ ਨਾਲ ਕੁੜੀਆਂ ਅਤੇ ਔਰਤਾਂ ਦੀ ਲੜਾਈ ਹੋਰ ਸੰਘਰਸ਼ਮਈ ਬਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਮੈਂਬਰ ਪਾਰਲੀਮੈਂਟ ਦਾ ਬਚਾਅ ਕਰਨ ਨੂੰ ਲੈ ਕੇ ਸਾਰੇ ਕਾਨੂੰਨ ਛਿੱਕੇ ਟੰਗ ਦਿੱਤੇ। ਜਿਸ ਐੱਮ.ਪੀ ਦੇ ਖਿਲਾਫ ਮਹਿਲਾ ਪਹਿਲਵਾਨਾਂ ਨਾਲ ਸ਼ੋਸ਼ਣ ਕਰਨ ਦੇ ਦੋਸ਼ ਹੇਠ ਮਾਮਲੇ ਦਰਜ ਹੋ ਚੁੱਕੇ ਹਨ। ਉਸ ਤੇ ਗ੍ਰਿਫਤਾਰੀ ਨਾ ਹੋਣਾ ਦੱਸਦਾ ਹੈ ਕਿ ਕਾਨੂੰਨ ਨਾਲੋਂ ਸਰਕਾਰ ਦੇ ਹੱਥ ਲੰਬੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਜਮੀਨੀ ਕੰਮ ਕਰਨ ਦੀ ਬਜਾਏ ਖੇਖੀਆਂ ਮਾਰਨ ਵਿੱਚ ਲੱਗੀ ਹੋਈ ਹੈ। ਜਦਕਿ ਪੰਜਾਬ ਦੇ ਹਾਲਾਤ ਇਹ ਹਨ ਕਿ ਗਰੀਬ ਲੋਕ ਸਰਕਾਰ ਪਾਸੋਂ ਫਰੀ ਵਿੱਚ ਮਿਲਣ ਵਾਲਾ ਅਨਾਜ ਲੈਣ ਲਈ ਕੱਟੇ ਗਏ ਕਾਰਡ ਬਹਾਲ ਹੋਣ ਦੀ ਮੰਗ ਕਰ ਰਹੇ ਹਨ, ਬੁਢਾਪਾ ਪੈਨਸ਼ਨ ਵਧਾਉਣ, ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੇ ਜੋ ਵਾਅਦੇ ਕੀਤੇ ਸਨ। ਉਹ ਭੁਲਾ ਦਿੱਤੇ ਗਏ ਹਨ ਅਤੇ ਪੰਜਾਬ ਦੀ ਜਨਤਾ ਹੁਣ ਸਰਕਾਰ ਦੇ ਮੂੰਹ ਵੱਲ ਵੇਖ ਰਹੀ ਹੈ। ਪਰ ਉਨ੍ਹਾਂ ਨੂੰ ਕਿਸੇ ਪਾਸਿਓ ਵੀ ਇਹ ਉਮੀਦਾਂ ਪੂਰੀਆਂ ਹੁੰਦੀਆਂ ਨਜਰ ਨਹੀਂ ਆ ਰਹੀਆਂ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕੀ। ਪਰਿਵਾਰ ਦੀ ਮੰਗ ਅਨੁਸਾਰ ਪੁਲਿਸ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਇਹ ਕਿੰਨੀ ਭਿਆਨਕ ਗੱਲ ਹੈ ਕਿ ਸਰਕਾਰ ਦੀ ਲਾਪਰਵਾਹੀ ਨਾਲ ਇੱਕ ਉੱਚ ਚੋਟੀ ਦੇ ਕਲਾਕਾਰ ਦਾ ਕਤਲ ਹੋ ਗਿਆ। ਇਨਸਾਫ ਲੈਣ ਲਈ ਉਸ ਦੇ ਮਾਪੇ ਸਰਕਾਰ ਦੀਆਂ ਮਿੰਨਤਾਂ ਕਰ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਕਾਂਡ ਅਤੇ ਪੰਜਾਬ ਦੇ ਲੋਕਾਂ ਨਾਲ ਦਿਲੋਂ ਹਮਦਰਦੀ ਨਹੀਂ ਹੈ ਅਤੇ ਇਕ ਹੈਂਕੜ ਭਰੀ ਸਰਕਾਰ ਚਲਾਈ ਜਾ ਰਹੀ ਹੈ। ਅਮ੍ਰਿਤ ਗਿੱਲ ਨੇ ਕਿਹਾ ਕਿ ਬਠਿੰਡਾ-ਮਾਨਸਾ ਹਲਕੇ ਦੇ ਅੰਦਰ ਪਿਛਲੇ ਸਮੇਂ ਵਿੱਚ ਅਨੇਕਾਂ ਗਰੀਬ ਲੋਕ ਮੁਫਤ ਅਨਾਜ ਮਿਲਣ ਦੀ ਸਕੀਮ ਤੋਂ ਬਾਹਰ ਹੋ ਗਏ। ਨਵੀਂ ਸਰਕਾਰ ਬਣਿਆ ਵੀ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਪਰ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਕੋਈ ਪਰਵਾਹ ਤੇ ਸੁਣਵਾਈ ਨਹੀਂ ਕੀਤੀ। ਮਹੀਨਿਆਂ ਬੱਧੀ ਗਰੀਬ ਲੋਕ ਸਸਤਾ ਅਨਾਜ ਮਿਲਣ ਤੋਂ ਵਾਂਝੇ ਹੋ ਗਏ। ਪਰ ਸਰਕਾਰ ਦੀਆਂ ਪੜਤਾਲਾਂ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ। ਇਹ ਸਭ ਕੁਝ ਪੰਜਾਬ ਦੀ ਮੌਜੂਦਾ ਤਸਵੀਰ ਨੂੰ ਪੇਸ਼ ਕਰਦਾ ਹੈ। (ਸਾਰਾ ਯਹਾਂ/ਬਿਊਰੋ ਨਿਊਜ਼ )