*ਗੱਡੀਆਂ ਦੀ ਪਾਸਿੰਗ ਪੈਂਡੈਂਸੀ ਨੂੰ ਵੇਖਦਿਆਂ ਸ਼ਨੀਵਾਰ ਨੂੰ ਕੰਮ ਵਾਲਾ ਦਿਨ ਐਲਾਨਿਆ*

0
37

 (ਸਾਰਾ ਯਹਾਂ/  ਮੁੱਖ ਸੰਪਾਦਕ): ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੱਡੀਆਂ ਦੀ ਪਾਸਿੰਗ ਦੀ ਪੈਂਡੈਂਸੀ ਦੂਰ ਕਰਨ ਲਈ ਸ਼ਨੀਵਾਰ (10 ਜੂਨ, 2023) ਨੂੰ ਵਿਭਾਗ ਦੇ ਅਮਲੇ ਨੂੰ ਕੰਮ ਕਰਨ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਪਿੱਛੋਂ ਵਿਭਾਗ ਨੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰਕੇ ਸ਼ਨੀਵਾਰ ਨੂੰ ਕੰਮ ਵਾਲਾ ਦਿਨ ਐਲਾਨ ਦਿੱਤਾ ਹੈ।


ਵਧੇਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਟਰਾਂਸਪੋਰਟ ਗੱਡੀਆਂ ਨੂੰ ਸਰਟੀਫ਼ਿਕੇਟ ਆਫ਼ ਫ਼ਿਟਨਸ (ਪਾਸਿੰਗ) ਜਾਰੀ ਕਰਨ ਲਈ ਨਵਾਂ ਆਨਲਾਈਨ ਟੈਬ ਸਲਾਟ ਸਿਸਟਮ ਅਪਣਾਇਆ ਗਿਆ ਹੈ ਜਿਸ ਕਾਰਨ ਪਾਸਿੰਗ ਸਰਟੀਫ਼ਿਕੇਟ ਦੀ ਪੈਂਡੈਂਸੀ ਵਧ ਗਈ ਹੈ। ਇਸ ਲਈ ਇਹ ਪੈਂਡੈਂਸੀ ਦੂਰ ਕਰਨ ਲਈ ਅੱਗੇ ਆ ਰਹੇ ਸ਼ਨੀਵਾਰ ਨੂੰ ਕੰਮ ਵਾਲਾ ਦਿਨ ਐਲਾਨਿਆ ਗਿਆ ਹੈ।


ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਮੂਹ ਰੀਜਨਲ ਟਰਾਂਸਪੋਰਟ ਅਥਾਰਟੀ ਸਕੱਤਰਾਂ ਅਤੇ ਮੋਟਰ ਵਾਹਨ ਇੰਸਪੈਕਟਰਾਂ ਨੂੰ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਕੱਤਰ ਟਰਾਂਸਪੋਰਟ ਨੇ ਲਿਖਤੀ ਹੁਕਮ ਵੀ ਜਾਰੀ ਕੀਤੇ ਹਨ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਜੂਨ ਤੱਕ ਡਰਾਈਵਿੰਗ ਲਾਇਸੰਸ ਅਤੇ ਆਰ.ਸੀ. ਦਾ ਕੋਈ ਕੇਸ ਲੰਬਤ ਨਾ ਰਹਿਣ ਸਬੰਧੀ ਕੀਤੇ ਗਏ ਹੁਕਮਾਂ ਸਬੰਧੀ ਵੀ ਵਿਭਾਗ ਵੱਲੋਂ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਤ ਮਿਤੀ ਤੱਕ ਲੋਕਾਂ ਨੂੰ ਇਹ ਸੇਵਾਵਾਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here