ਮਾਨਸਾ 31 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਦੀ ਰਹਿਨੁਮਈ ਹੇਠ ਦਫਤਰ ਸਿਵਲ ਸਰਜਨ ਮਾਨਸਾ ਵਿਖੇ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਹਰ ਸਾਲ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤ ਦਰ ਨੂੰ ਘੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਸੰਪਰਕ ਵਿੱਚ ਆਉਂਦਾ ਹੈ, ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ਵਿਸ਼ਵ ਸਿਹਤ ਸੰਸਥਾ ਵੱਲੋਂ ਸਮਾਜਿਕ, ਧਾਰਮਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ 1988 ਤੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਨੂੰ ਵੇਖਦਿਆਂ ਕੀਤੀ ਗਈ। ਉਨ੍ਹਾਂ ਕਿਹਾ ਕਿ ਤੰਬਾਕੂ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ ਹੈ। ਤੰਬਾਕੂ ਦਾ ਸੇਵਨ ਕਰਨ ਨਾਲ ਹਰ ਸਾਲ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਤਿੰਨ ਲੱਖ ਨਵੇਂ ਮਾਮਲੇ, ਦਿਲ ਦੀਆਂ ਬਿਮਾਰੀਆਂ ਦੇ 58 ਲੱਖ ਕੇਸ ਅਤੇ ਤੰਬਾਕੂ ਨਾਲ ਸਬੰਧਿਤ ਹੋਰ ਖਤਰਨਾਕ ਬੀਮਾਰੀਆਂ ਦੇ 80 ਲੱਖ ਕੇਸ ਸਾਹਮਣੇ ਆਉਂਦੇ ਹਨ।
ਵਿਜੇ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸੰੰਸਾਰ ਵਿੱਚ ਹਰ ਸਾਲ 7 ਮਿਲੀਅਨ ਲੋਕਾਂ ਦੀ ਮੌਤ ਤੰਬਾਕੂ ਅਤੇ ਤੰਬਾਕੂ ਦੇ ਹੋੋਰ ਰੂਪ ਵਰਤੋਂ ਕਰਨ ਨਾਲ ਹੁੰਦੀ ਹੈ ਅਤੇ ਭਾਰਤ ਵਿੱਚ ਹਰ ਸਾਲ ਲਗਪਗ 59 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਤੰਬਾਕੂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜਬਾੜੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ ।
ਇਸ ਮੌਕੇ ਸ਼ੰਤੋਸ਼ ਭਾਰਤੀ ਜ਼ਿਲ੍ਹਾ ਐਪੀਡਮੋਲੋਜਿਸਟ ,ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮੇਨੈਜਰ, ਪਵਨ ਕੁਮਾਰ ਮਾਸ ਮੀਡੀਆ ਅਤੇ ਸੂਚਨਾ ਅਫਸਰ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ ,ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ, ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ, ਗੁੁਰਜਿੰੰਦਰਜੀਤ ਸਿਹਤ ਕਰਮਚਾਰੀ, ਗੀਤਾ ਗੁਪਤਾ, ਜਗਦੇਵ ਸਿੰਘ, ਲਲਿਤ ਕੁਮਾਰ, ਕਰਮਵੀਰ ਕੌਰ ਮੌਜੂਦ ਸਨ।