ਮਾਨਸਾ, 31 ਮਈ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਪਿੰਡ ਬੁਰਜ ਵਿਖੇ ਦਹੇਜ਼ ਨਾ ਦੇਣ ਕਰਕੇ ਇਕ ਲੜਕੀ ਤੇ ਉਸ ਦੇ ਪੁੱਤਰ ਨੂੰ ਕਥਿਤ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝੁਨੀਰ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਤੀ, ਜੇਠ, ਸੱਸ ਅਤੇ ਦੋ ਨਣਦਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਲੜਕੀ ਦੇ ਪਤੀ ਅਤੇ ਉਸ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪਵਨਦੀਪ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹਰਪ੍ਰੀਤ ਸਿੰਘ ਵਾਸੀ ਪਿੰਡ ਬੁਰਜ ਨਾਲ ਵਿਆਹ ਹੋਇਆ ਸੀ। ਉਸ ਦੀ ਧੀ ਕੋਲ ਇੱਕ ਦਸ ਮਹੀਨੇ ਦਾ ਲੜਕਾ ਵੀ ਸੀ। ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਹਰ ਸਮੇਂ ਉਨ੍ਹਾਂ ਦੀ ਲੜਕੀ ਕੋਲੋਂ ਦਾਜ ਦੀ ਮੰਗ ਕਰਦਾ ਰਹਿੰਦਾ ਸੀ, ਜਦਕਿ ਉਨ੍ਹਾਂ ਵਿਆਹ ਵੇਲੇ ਆਪਣੇ ਵਿੱਤ ਤੋਂ ਜ਼ਿਆਦਾ ਪੈਸਾ ਖਰਚ ਕਰਕੇ ਬੱਚੀ ਦਾ ਵਿਆਹ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਾਜ ਨਾ ਦੇਣ ਦੇ ਕਾਰਨ ਉਸ ਦੀ ਲੜਕੀ ਪਵਨਦੀਪ ਕੌਰ ਅਤੇ ਉਸ ਦੇ ਪੁੱਤਰ ਗੁਰਕੀਰਤ ਸਿੰਘ ਨੂੰ ਤੇਲ ਪਾ ਕੇ ਜਿਉਂਦੇ ਸਾੜ ਦਿੱਤਾ ਗਿਆ।
ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਲੜਕੀ ਦੇ ਪਤੀ ਹਰਪ੍ਰੀਤ ਸਿੰਘ, ਸੱਸ ਸ਼ਿੰਦਰ ਕੌਰ, ਜੇਠ ਬਿੰਦਰ ਸਿੰਘ, ਨਣਦ ਜਸਪਾਲ ਕੌਰ ਵਾਸੀ ਕਲੀਪੁਰ ਡੁੰਮ ਅਤੇ ਪਰਮਜੀਤ ਕੌਰ ਵਾਸੀ ਬਰਨ (ਮਾਨਸਾ) ਦੇ ਖ਼ਿਲਾਫ਼ ਮੁਕੱਦਮਾ ਨੰਬਰ. 44 ਮਿਤੀ 29 ਮਈ, 2023, ਅ/ਧ 304-ਬੀ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਕੱਲ੍ਹ ਸਵੇਰ ਦੀ ਹੈ। ਪਵਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਵੱਲੋਂ ਦੋਨੋਂ ਜਣਿਆਂ (ਮਾਂ-ਪੁੱਤ) ਨੂੰ ਜਖ਼ਮੀ ਹਾਲਤ ’ਚ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੋਂ ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਰਸਤੇ ਵਿੱਚ ਬੱਚੇ ਦੀ ਮੌਤ ਹੋ ਗਈ ਅਤੇ ਪਵਨਦੀਪ ਕੌਰ ਨੂੰ ਏਮਜ਼ ਵਿੱਚ ਦਾਖ਼ਲ ਕਰ ਲਿਆ ਗਿਆ। ਉਧਰ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਕੁੱਝ ਸਮੇਂ ਬਾਅਦ ਪਵਨਦੀਪ ਕੌਰ ਦੀ ਮੌਤ ਹੋ ਗਈ। ਅੱਜ ਪੋਸਟਮਾਰਟਮ ਹੋਣ ਤੋਂ ਬਾਅਦ ਮਿ੍ਤਕ ਦੇਹਾਂ ਨੂੰ ਲੜਕੀ ਦੇ ਪੇਕੇ ਪਰਿਵਾਰ ਨੂੰ ਸੌਂਪਿਆ ਗਿਆ। ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਹਿੰਦੇ ਕਸੂਰਵਾਰਾਂ ਨੂੰ ਛੇਤੀ ਹੀ ਹਿਰਾਸਤ ਵਿੱਚ ਲਿਆ ਜਾਵੇਗਾ।