*ਡੀਜੀਪੀ ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿੱਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨ*

0
22

ਚੰਡੀਗੜ੍ਹ/ਲੁਧਿਆਣਾ, 26 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਵਾਤਾਵਰਣ ਪੱਖੀ ਅਤੇ ਊਰਜਾ-ਕੁਸ਼ਲ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ 13 ਥਾਣਿਆਂ ਦੀਆਂ ਇਮਾਰਤਾਂ ‘ਤੇ ਲਗਾਏ ਰੂਫ਼ਟਾਪ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਕੀਤਾ।
ਇਹ 120 ਕਿਲੋਵਾਟ ਦੇ ਸੋਲਰ ਪਲਾਂਟ ‘ਉਜਾਲਾ-ਇੱਕ ਚੰਗੀ ਸ਼ੁਰੂਆਤ’ ਪ੍ਰੋਜੈਕਟ ਦੇ ਹਿੱਸੇ ਵਜੋਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀਐਸਆਰ) ਦੀ ਭਾਈਵਾਲੀ ਨਾਲ ਜਮਾਲਪੁਰ, ਮੋਤੀ ਨਗਰ, ਪੀਏਯੂ, ਡਿਵੀਜ਼ਨ ਨੰਬਰ-1, 2, 5, 6 ਅਤੇ 8, ਦੁੱਗਰੀ, ਸਾਹਨੇਵਾਲ, ਸ਼ਿਮਲਾਪੁਰੀ, ਸਦਰ ਅਤੇ ਮਾਡਲ ਟਾਊਨ ਦੇ ਥਾਣਿਆਂ ਵਿੱਚ ਲਗਾਏ ਗਏ ਹਨ।
ਡੀਜੀਪੀ ਗੌਰਵ ਯਾਦਵ, ਜਿਹਨਾਂ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੌਜੂਦ ਸਨ, ਨੇ ਦੱਸਿਆ ਕਿ ਇਨ੍ਹਾਂ ਪੁਲਿਸ ਇਮਾਰਤਾਂ ਵਿੱਚ 120 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਕਾਰਬਨ ਦੀ ਨਿਕਾਸੀ ਵਿੱਚ ਸਲਾਨਾ 180 ਮੀਟ੍ਰਿਕ ਟਨ ਦੀ ਕਮੀ ਆਵੇਗੀ ਅਤੇ ਨਾਲ ਹੀ ਬਿਜਲੀ ਬਿੱਲ ਵੀ ਘੱਟ ਆਉਣਗੇ ਜਿਸ ਦੇ ਨਤੀਜੇ ਵਜੋਂ ਸਾਲਾਨਾ 12 ਲੱਖ ਰੁਪਏ ਬਚਤ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਊਰਜਾ ਪਲਾਂਟ ਲਗਾਉਣਾ ਲਗਭਗ ਸਾਗਬਾਨ ਦੇ 5500 ਰੁੱਖ ਲਗਾਉਣ ਦੇ ਬਰਾਬਰ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸੋਲਰ ਊਰਜਾ ਪਲਾਂਟ ਪੀਐਸਪੀਸੀਐਲ ਦੀ ਨੈੱਟ ਮੀਟਰਿੰਗ ਨੀਤੀ ਤਹਿਤ ਸਥਾਪਿਤ ਕੀਤੇ ਗਏ ਹਨ ਜੋ ਯੋਗ ਖਪਤਕਾਰਾਂ ਨੂੰ ਰੂਫ਼ਟਾਪ ਸੋਲਰ ਫੋਟੋਵੋਲਟੇਇਕ (ਐਸਪੀਵੀ) ਸਿਸਟਮ ਲਗਾਉਣ ਅਤੇ ਉਨ੍ਹਾਂ ਦੇ ਸੋਲਰ ਪੈਨਲਾਂ ਤੋਂ ਪੈਦਾ ਹੋਈ ਬਿਜਲੀ ਨਾਲ ਆਪਣੀ ਬਿਜਲੀ ਖਪਤ ਨੂੰ ਪੂਰਾ ਕਰਨ ਦੀ ਆਗਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੈੱਟ ਮੀਟਰਿੰਗ ਤਹਿਤ, ਬਿਜਲੀ ਖਪਤਕਾਰਾਂ ਵੱਲੋਂ ਖਪਤ ਕੀਤੀ ਗਈ ਬਿਜਲੀ ਦੀ ਅਸਲ ਮਾਤਰਾ ਜੋ ਕਿ ਸੋਲਰ ਪੈਨਲਾਂ ਰਾਹੀਂ ਪੈਦਾ ਕੀਤੀ ਬਿਜਲੀ ਦੀ ਮਾਤਰਾ ਅਤੇ ਸੋਲਰ ਗਰਿੱਡ ਤੋਂ ਖਪਤ ਕੀਤੀ ਗਈ ਬਿਜਲੀ ਦੀ ਮਾਤਰਾ ਵਿਚਲਾ ਅੰਤਰ ਹੈ, ਲਈ ਭੁਗਤਾਨ ਕੀਤਾ ਜਾਂਦਾ ਹੈ।
ਡੀਜੀਪੀ ਨੇ ਆਸ ਪ੍ਰਗਟਾਈ ਕਿ ਇਹ ਸੋਲਰ ਊਰਜਾ ਪਲਾਂਟ ਪੁਲਿਸ ਥਾਣਿਆਂ ਨੂੰ ‘ਗਰੀਨ ਪੁਲਿਸ ਸਟੇਸ਼ਨ’ ਬਣਾ ਦੇਣਗੇ ਅਤੇ ਹੋਰਾਂ ਨੂੰ ਵੀ ਅਜਿਹੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਗੇ ਤਾਂ ਜੋ ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਨੇ ਸੀ.ਪੀ. ਨੂੰ ਲੁਧਿਆਣਾ ਦੇ ਸਾਰੇ ਥਾਣਿਆਂ ਨੂੰ ਕਵਰ ਕਰਨ ਲਈ ਕਿਹਾ।
ਸਾਰੇ ਪੁਲਿਸ ਸਟੇਸ਼ਨਾਂ ਦੀਆਂ ਇਮਾਰਤਾਂ ‘ਤੇ ਸੋਲਰ ਪੈਨਲ ਲਗਾਉਣ ਸਬੰਧੀ ਡੀਜੀਪੀ ਨੂੰ ਭਰੋਸਾ ਦਿੰਦਿਆਂ ਸੀਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਸੋਲਰ ਪੈਨਲਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਰਵਾਇਤੀ ਊਰਜਾ ਦੀ ਥਾਂ ਲਵੇਗੀ ਅਤੇ ਬਿਜਲੀ ਦੇ ਕੱਟ ਦੌਰਾਨ ਬੈਕਅਪ ਬਿਜਲੀ ਪ੍ਰਦਾਨ ਕਰੇਗੀ।
ਜ਼ਿਕਰਯੋਗ ਹੈ ਕਿ ਸੀਪੀ ਨੇ ਇਸ ਵਾਤਾਵਰਨ ਪੱਖੀ ਪਹਿਲਕਦਮੀ ਵਿੱਚ ਦਿਲੋਂ ਸਹਿਯੋਗ ਦੇਣ ਲਈ ਆਈਸੀਆਈਸੀਆਈ ਫਾਊਂਡੇਸ਼ਨ, ਹੀਰੋ ਸਾਈਕਲਜ਼, ਗੰਗਾ ਐਕਰੋਵੂਲਜ਼, ਫਿੰਡੋਕ ਅਤੇ ਓਸਵਾਲ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੰਚਾਲਨ ਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਵਧੀ ਹੋਈ ਉਤਪਾਦਕਤਾ ਅਤੇ ਪ੍ਰਭਾਵਸ਼ੀਲਤਾ ਨਾਲ ਸਮਾਜ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ ।

————

LEAVE A REPLY

Please enter your comment!
Please enter your name here