*ਵਿਧਾਨ ਸਭਾ ਸਪੀਕਰ ਵੱਲੋਂ ਮੋਟੇ ਅਨਾਜ ਸਬੰਧੀ ਪ੍ਰਸਿੱਧ ਵਿਗਿਆਨੀ ਡਾ. ਖਾਦਰ ਵਲੀ ਨਾਲ ਸੰਵਾਦ ਪ੍ਰੋਗਰਾਮ*

0
18

ਚੰਡੀਗੜ੍ਹ, 23 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) :ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਵਿਗਿਆਨੀ ਅਤੇ ਕੁਦਰਤੀ ਸਿਹਤ ਪ੍ਰਣਾਲੀ ਦੇ ਮਾਹਿਰ ਪਦਮਸ਼੍ਰੀ ਡਾ. ਖਾਦਰ ਵਲੀ ਨਾਲ “ਮਿਲੇਟ ਦੀ ਖ਼ੁਰਾਕ ਨਾਲ ਰੋਗ ਮੁਕਤ, ਸਿਹਤਮੰਦ ਜੀਵਨਸ਼ੈਲੀ” ਵਿਸ਼ੇ ‘ਤੇ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ।

ਆਪਣੀ ਸਰਕਾਰੀ ਰਿਹਾਇਸ਼ ਵਿਖੇ ਰੱਖੇ ਸੰਖੇਪ ਪ੍ਰੋਗਰਾਮ ਮੌਕੇ ਵਿਚਾਰ-ਵਟਾਂਦਰੇ ਦੌਰਾਨ ਸਪੀਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਸਾਲ 2023 ਨੂੰ “ਮੋਟੇ ਅਨਾਜ ਦਾ ਕੌਮਾਂਤਰੀ ਵਰ੍ਹਾ” ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲੇਟ ਮਨੁੱਖਾਂ ਲਈ ਸਭ ਤੋਂ ਪੁਰਾਣੇ ਜਾਣੇ ਜਾਂਦੇ ਭੋਜਨਾਂ ਵਿੱਚੋਂ ਇੱਕ ਹੈ। ਮੋਟਾ ਜਾਂ ਮੂਲ ਅਨਾਜ ਸਿਹਤ ਲਈ ਹੀ ਨਹੀਂ, ਸਗੋਂ ਕੁਦਰਤ ਲਈ ਵੀ ਲਾਹੇਵੰਦ ਹੈ ਕਿਉਂਕਿ ਛੋਟੇ ਬੀਜਾਂ ਵਾਲੀਆਂ ਇਹ ਫ਼ਸਲਾਂ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਲਚਕੀਲੀਆਂ ਹੁੰਦੀਆਂ ਹਨ ਅਤੇ ਇਸ ਅਨਾਜ ਦੀ ਪੈਦਾਵਾਰ ਲਈ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ।

ਵਿਚਾਰ ਚਰਚਾ ਦੌਰਾਨ ‘ਮਿਲੇਟਮੈਨ ਆਫ਼ ਇੰਡੀਆ’ ਪਦਮਸ਼੍ਰੀ ਡਾ. ਖਾਦਰ ਵਲੀ ਨੇ ਦੱਸਿਆ ਕਿ ਮੋਟੇ ਅਨਾਜ ਤੋਂ ਤਿਆਰ ਕੀਤਾ ਗਿਆ ਭੋਜਨ ਖਾਣ ਨਾਲ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਕਿਉਂ ਜੋ ਇਹ ਮੂਲ ਅਨਾਜ ਪ੍ਰੋਟੀਨ, ਫ਼ਾਈਬਰ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਨੂੰ ਸੰਤੁਲਿਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਜ਼ਿੰਦਗੀ ਜੀਊਣ ਲਈ ਸਾਨੂੰ ਕੁਦਰਤੀ ਜਾਂ ਮੂਲ ਅਨਾਜ ਵੱਲ ਮੁੜਨਾ ਪਵੇਗਾ।

ਇਸ ਮੌਕੇ ਡਾ. ਵਲੀ ਨੇ ਸਮਾਗਮ ‘ਚ ਮੌਜੂਦ ਸ਼ਖ਼ਸੀਅਤਾਂ ਨੂੰ ਪ੍ਰੋਟੀਨ, ਫ਼ਾਈਬਰ ਅਤੇ ਤੱਤਾਂ ਨਾਲ ਭਰਪੂਰ ਮੂਲ ਅਨਾਜ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਵੀ ਕੀਤੀ।

ਸਮਾਗਮ ਉਪਰੰਤ ਮੇਜ਼ਬਾਨ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਮੋਟੇ ਅਨਾਜ ਜਿਵੇਂ ਕੋਧਰਾ, ਕੰਗਨੀ, ਰਾਗੀ, ਜਵਾਰ, ਬਾਜਰੇ, ਹਰੀ ਕੰਗਨੀ ਅਤੇ ਸਵਾਂਕ ਆਦਿ ਤੋਂ ਤਿਆਰ ਖਾਣਾ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਖੇਡ ਤੇ ਵਾਤਾਵਰਣ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਸਣੇ ਵਿਧਾਇਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਖਾਧਾ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਤੋਂ ਸ੍ਰੀ ਉਮੇਂਦਰ ਦੱਤ ਵੀ ਮੌਜੂਦ ਸਨ।
————

LEAVE A REPLY

Please enter your comment!
Please enter your name here