*ਮਾਨਸਾ ਜਿਲ੍ਹੇ ਵਿੱਚ ਨਸ਼ੇ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਗੁਰਦੁਆਰਾ ਚੌਂਕ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਐਤਵਾਰ ਨੂੰ ਕੱਡਿਆ ਜਾਵੇਗਾ – ਪਰਵਿੰਦਰ ਸਿੰਘ ਝੋਟਾ*

0
9

ਮਾਨਸਾ, 20 ਮਈ:-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਮਾਨਸਾ ਜਿਲ੍ਹੇ ਵਿੱਚ ਸ਼ਰੇਆਮ ਵਿਕ ਰਹੇ ਮੈਡੀਕਲ ਨਸ਼ੇ ਅਤੇ ਨਸ਼ਾ ਛਡਾਓ ਕੇਂਦਰਾਂ ਵਿੱਚ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਨੂੰ ਨਸ਼ਾ ਛਡਾਓ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਪ੍ਰਾਈਵੇਟ ਤੌਰ ਤੇ ਵੇਚਣ ਸੰਬੰਧੀ ਜੋ ਨਸ਼ਾ ਵਿਰੋਧ ਵਿੱਚ ਮੁਹਿੰਮ ਮਾਨਸਾ ਵਿੱਚ ਚੱਲੀ ਹੋਈ ਹੈ। ਉਸਨੂੰ ਹੋਰ ਤੇਜ਼ ਕਰਨ ਲਈ ਇਸ ਮੁਹਿੰਮ ਨੂੰ ਚਲਾਉਣ ਵਾਲੇ ਮਾਨਸਾ ਦੇ ਗੁਰਸਿੱਖ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਇਸ ਮੁਹਿੰਮ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਅੱਜ ਆਪਣੀ ਨਸ਼ੇ ਵਿਰੁੱਧ ਮੁਹਿੰਮ ਨੂੰ ਤਿੱਖੇ ਕਰਦਿਆਂ ਆਪਣੇ ਨਿੱਜੀ ਤੌਰ ਤੇ ਰਿਕਸ਼ਾ ਰੇਹੜੀ ਉਪਰ ਆਪਣੀ ਮੁਹਿੰਮ ਦਾ ਉਦੇਸ਼ ਸਾਰੇ ਸ਼ਹਿਰ ਵਾਸੀਆਂ ਨੂੰ ਅਨਾਊਂਸਮੈਂਟ ਕਰਕੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਬਿਨਾਂ ਆਪਣੀ ਜਾਨ ਦੀ ਪਰਵਾਹ ਕਰੇ ਉਹ ਮਾਨਸਾ ਜਿਲ੍ਹੇ ਵਿਚੋਂ ਮੈਡੀਕਲ ਨਸ਼ੇ ਨੂੰ ਖਤਮ ਕਰਕੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਨੂੰ ਮਾਨਸਾ ਜਿਲ੍ਹੇ ਅਤੇ ਪੰਜਾਬ ਭਰ ਵਿਚੋਂ ਸਮੱਰਥਨ ਮਿਲ ਰਿਹਾ ਹੈ ਅਤੇ ਇਹ ਇੱਕ ਲੋਕ ਲਹਿਰ ਬਣ ਗਈ ਹੈ, ਪਰ ਪਤਾ ਨਹੀਂ ਕੀ ਕਾਰਨ ਹੈ ਕਿ ਨਸ਼ੇ ਖਿਲਾਫ ਉਨ੍ਹਾਂ ਵੱਲੋਂ ਵਿੱਢੀ ਮੁਹਿੰਮ ਦੇ ਬਾਵਜੂਦ ਅਸਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਪ੍ਰਸਾਸ਼ਨ ਟਾਲ-ਮਟੋਲ ਕਿਉਂ ਕਰ ਰਿਹਾ ਹੈ। ਉਨ੍ਹਾਂ ਨੇ ਮਾਨਸਾ ਮੈਡੀਕਲ ਹਾਲ ਅਤੇ ਮਾਨਸਾ ਦੇ ਡਰੱਗ ਇੰਸਪੈਕਟਰ ਅਤੇ ਇਨ੍ਹਾਂ ਦੇ ਪਰਿਵਾਰ ਦੇ ਵਿਅਕਤੀਆਂ ਦੀ ਜਾਂਚ ਪੰਜਾਬ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਤੋਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤਾਂ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਮਾਨਸਾ ਸ਼ਹਿਰ ਵਿੱਚ ਰਿਕਸ਼ੇ ਉਪਰ ਅਨਾਊਸਮੈਂਟ ਕਰਕੇ ਇਸ ਮੁਹਿੰਮ ਨੂੰ ਹੋਰ ਭਖਾਇਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਹੋਰ ਤਿੱਖਾ ਕਰਨ ਲਈ ਕੱਲ ਨੂੰ ਦਿਨ ਐਤਵਾਰ ਸਵੇਰੇ 10 ਵਜੇ ਗੁਰਦੁਆਰਾ ਚੌਂਕ ਮਾਨਸਾ ਤੋਂ ਇਸ ਮੁਹਿੰਮ ਨਾਲ ਜੁੜਨ ਦੇ ਇੱਛੁਕ ਵਿਅਕਤੀਆਂ ਦਾ ਇਕੱਠ ਰੱਖਿਆ ਗਿਆ ਹੈ। ਇਸ ਇਕੱਠ ਤੋਂ ਬਾਅਦ ਨਸ਼ੇ ਦੇ ਸੁਦਾਗਰਾਂ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਰੋਸ ਵਜੋਂ ਇੱਕ ਰੋਸ ਮਾਰਚ ਗੁਰਦੁਆਰਾ ਚੌਕ ਤੋਂ ਲੈ ਕੇ ਬੱਸ ਸਟੈਂਡ ਮਾਨਸਾ ਤੱਕ ਕੱਢਿਆ ਜਾਵੇਗਾ। ਇਸ ਤੋਂ ਬਾਅਦ ਦੋਸ਼ੀ ਵਿਅਕਤੀਆਂ ਅਤੇ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਾਲੇ ਵਿਅਕਤੀਆਂ ਦੇ ਪੁਤਲੇ ਬੱਸ ਸਟੈਂਡ ਮਾਨਸਾ ਵਿਖੇ ਸਾੜੇ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਉੱਪਰ ਤਾਂ ਪੂਰੀ ਸਪੋਟ ਮਿਲ ਰਹੀ ਹੈ ਪਰ ਹੁਣ ਮਾਨਸਾ ਵਾਸੀਆਂ ਨੂੰ ਉਨ੍ਹਾਂ ਦੀ ਇਸ ਮੁਹਿੰਮ ਵਿੱਚ ਵਿਅਕਤੀਗਤ ਸ਼ਮੂਲੀਅਤ ਜਰੂਰੀ ਹੈ। ਇਸ ਲਈ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਦੁਆਰਾ ਚੌਂਕ ਮਾਨਸਾ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਨ। ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੋ ਅੰਦਰ ਖਾਤੇ ਨਸ਼ੇ ਦੇ ਸੁਦਾਗਰਾਂ ਨੂੰ ਬਚਾਉਣ ਲਈ ਪ੍ਰਸਾਸ਼ਨ ਨੂੰ ਮਿਲ ਰਹੇ ਹਨ ਜਦ ਕਿ ਬਾਹਰ ਸਮਾਜ਼ ਵਿੱਚ ਆਪਣੇ ਆਪ ਨੂੰ ਮਾਨਸਾ ਦੇ ਰਖਵਾਲੇ ਕਹਾਉਂਦੇ ਹਨ। 

LEAVE A REPLY

Please enter your comment!
Please enter your name here