*ਜ਼ਿਲ੍ਹੇ ਅੰਦਰ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਨਿਯੁਕਤ ਕੀਤੇ ਕਿਸਾਨ ਮਿੱਤਰਾਂ ਦੀ ਸਿਖਲਾਈ ਕਰਵਾਈ*

0
7

ਮਾਨਸਾ, 16 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਸਰਕਾਰ ਦੀਆਂ ਹਦਾਇਤਾ ਦੇ ਮੱਦੇਨਜ਼ਰ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਡਾ. ਸਤਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਨਰਮੇ ਦੀ ਫਸਲ ਲਈ ਰੱਖੇ ਗਏ ਕਿਸਾਨ ਮਿੱਤਰ ਸੁਪਰਵਾਈਜ਼ਰ ਅਤੇ ਕਿਸਾਨ ਮਿੱਤਰਾਂ ਦੀ ਤੀਸਰੀ ਸਿਖਲਾਈ ਅੱਜ ਸਥਾਨਕ ਬੱਚਤ ਭਵਨ ਵਿਖੇ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨ ਮਿੱਤਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮਿੱਤਰਾਂ ਦੀ ਭਰਤੀ ਸਰਕਾਰ ਵੱਲੋਂ ਨਰਮੇ ਦੀ ਆਉਣ ਵਾਲੀ ਫਸਲ ਨੂੰ ਕਾਮਯਾਬ ਕਰਨ ਲਈ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਇਸ ਵਿੱਚ ਜੋ ਵੀ ਨੁਕਤੇ ਖੇਤੀ ਵਿਗਿਆਨੀਆਂ ਵੱਲੋਂ ਸਾਂਝੇ ਕੀਤੇ ਗਏ ਹਨ, ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਾਂਝੇ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਿਆ ਜਾਵੇ ਅਤੇ ਹਰ ਤਰ੍ਹਾਂ ਦੀ ਰਿਪੋਰਟਿੰਗ ਵਿਭਾਗ ਨੂੰ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਨਰਮੇ ਦੀ ਫਸਲ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੱਢਿਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ, ਡਾ. ਸਤਪਾਲ ਸਿੰਘ ਨੇ ਸਾਰੇ ਕਿਸਾਨ ਮਿੱਤਰ, ਸੁਪਰਵਾਈਜ਼ਰ ਅਤੇ ਕਿਸਾਨ ਮਿੱਤਰਾਂ ਨੂੰ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਣ ਵਾਲੀਆਂ ਸਲਾਹਾਂ/ਸਿਫਾਰਸ਼ਾਂ ਕਿਸਾਨਾ ਤੱਕ ਪਹੁੰਚਾਈਆਂ ਜਾਣ ਤਾਂ ਜੋ ਨਰਮੇ ਦੀ ਫਸਲ ਨੂੰ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਨੂੰ ਦਿੱਤਾ ਗਿਆ 60,000 ਹੈਕਟੇਅਰ ਦੇ ਟੀਚੇ ਵਿਚੋਂ ਹੁਣ ਤੱਕ 19914 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨ ਮਿੱਤਰ ਸੁਪਰਵਾਈਜਰਾਂ/ਕਿਸਾਨ ਮਿੱਤਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਵੱਧ ਤੋਂ ਵੱਧ ਨਰਮੇ ਦੀ ਬਿਜਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਮਿੱਤਰ ਸੁਪਰਵਾਈਜਰ, ਕਿਸਾਨ ਮਿੱਤਰ ਆਪਣੇ ਅਧੀਨ ਆਉਂਦੇ ਰਕਬੇ ਨੂੰ ਪੂਰਾ ਕਰਨ ਜਾਂ ਵਧਾਉਂਣਗੇ ਤਾਂ ਉਨ੍ਹਾਂ ਕਿਸਾਨ ਮਿੱਤਰਾਂ ਨੂੰ ਪ੍ਰਸ਼ੰਸਾ ਪੱਤਰ/ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਟੇ੍ਰਨਿੰਗ ਵਿੱਚ ਜਿਲ੍ਹਾ ਮਾਨਸਾ ਅੰਦਰ ਨਰਮੇ ਦੀ ਫਸਲ ਲਈ ਨਿਯੁਕਤ ਕੀਤੇ ਗਏ ਕਿਸਾਨ ਮਿੱਤਰ ਸੁਪਰਵਾਈਜਰ ਅਤੇ ਕਿਸਾਨ ਮਿੱਤਰਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਭਾਗ ਲਿਆ ਗਿਆ। ਡਾ. ਹਰਵਿੰਦਰ ਸਿੰਘ, ਖੇਤੀਬਾੜੀ ਅਫਸਰ, ਭੀਖੀ ਨੇ ਹਾਜਰ ਕਿਸਾਨ ਮਿੱਤਰਾਂ ਅਤੇ ਸੁਪਰਵਾਈਜਰਾਂ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ਅਤੇ ਕਪਾਹ ਬੀਜਣ ਵਾਲੇ ਕਿਸਾਨਾਂ ਦੀਆਂ ਕਹਾਣੀਆਂ ਅਤੇ ਜਮੀਨੀ ਪੱਧਰ ਤੇ ਬਿਜਾਈ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਕੀਤਾ ਗਿਆ। ਕਿ੍ਰਸ਼ੀ ਵਿਗਿਆਨ ਕੇਂਦਰ, ਮਾਨਸਾ ਦੇ ਸਾਇੰਸਦਾਨ  ਡਾ. ਰਣਵੀਰ ਸਿੰਘ, ਸਹਾਇਕ ਪ੍ਰਫੈਸਰ (ਕੀਟ ਵਿਗਿਆਨ) ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫਸਲ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਕਪਾਹ ਸਬੰਧੀ ਰਕਬੇ ਦੇ ਟੀਚਿਆਂ ਦੇ ਸਨਮੁੱਖ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਡਾ. ਮਨੋਜ ਕੁਮਾਰ, ਖੇਤੀਬਾੜੀ ਅਫਸਰ, ਬਲਾਕ ਮਾਨਸਾ ਵੱਲੋਂ ਪਿਛਲੀ ਕਪਾਹ ਦੀ ਬਿਜਾਈ ਦੌਰਾਨ ਪੇਸ਼ ਆਈਆਂ ਚੁਣੌਤੀਆਂ ਅਤੇ ਉਪਚਾਰਕ ਉਪਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਿਖਲਾਈ ਵਿੱਚ ਡਾ. ਸੁਰੇਸ ਕੁਮਾਰ, ਜਿਲ੍ਹਾ ਸਿਖਲਾਈ ਅਫਸਰ, ਮਾਨਸਾ ਅਤੇ ਡਾ.ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਨਰਮੇ ਦੀ ਫਸਲ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ। ਟੇ੍ਰਨਿੰਗ ਦੇ ਅਖੀਰ ਵਿੱਚ ਕਿਸਾਨ ਮਿੱਤਰਾਂ/ਫੀਲਡ ਸੁਪਰਵਾਈਜਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਢੁੱਕਵੇਂ ਜਵਾਬ ਦਿੱਤੇ ਗਏ।  ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ, ਮਾਨਸਾ ਵੱਲੋਂ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਮੂਹ ਖੇਤੀ ਵਿਗਿਆਨੀਆਂ ਅਤੇ ਕਿਸਾਨ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here