*ਮੀਂਹ ਨੇ ਤੋੜਿਆ 17 ਸਾਲ ਦਾ ਰਿਕਾਰਡ, ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ*

0
158

(ਸਾਰਾ ਯਹਾਂ/ਬਿਊਰੋ ਨਿਊਜ਼ ): ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤਬਾਹੀ ਮਚਾ ਰਿਹਾ ਹੈ। ਲਗਾਤਾਰ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ, ਬਾਗਬਾਨਾਂ ਤੇ ਸੈਰ ਸਪਾਟਾ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਲਗਾਤਾਰ ਪੈ ਰਹੇ ਮੀਂਹ ਤੇ ਗੜੇਮਾਰੀ ਕਾਰਨ ਬਾਗਬਾਨਾਂ ਦੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ। ਕਿਸਾਨ ਫ਼ਸਲਾਂ ਦੀ ਵਾਢੀ ਕਰਨ ਤੋਂ ਅਸਮਰੱਥ ਹਨ। ਜੇਕਰ ਮੀਂਹ ਦਾ ਸਿਲਸਿਲਾ ਕੁਝ ਦਿਨ ਹੋਰ ਜਾਰੀ ਰਿਹਾ ਤਾਂ ਕਿਸਾਨਾਂ ਤੇ ਬਾਗਬਾਨਾਂ ਨੂੰ ਮੌਸਮ ਦੀ ਖਰਾਬੀ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। 

ਮੌਸਮ ਵਿਭਾਗ ਮੁਤਾਬਕ ਸ਼ਿਮਲਾ ‘ਚ ਅਪ੍ਰੈਲ ਮਹੀਨੇ ਦੀ ਬਾਰਸ਼ ਨੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਲਈ ਭਾਰੀ ਮੀਂਹ, ਬਿਜਲੀ ਤੇ ਗੜੇਮਾਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਿੱਥੇ 5 ਮਈ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ, ਉੱਥੇ ਹੀ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਰਿਕਾਰਡ ਮੀਂਹ ਪਿਆ ਹੈ ਤੇ 5 ਮਈ ਤੱਕ ਮੀਂਹ ਤੋਂ ਕੋਈ ਰਾਹਤ ਨਹੀਂ ਮਿਲੇਗੀ।  ਮੌਸਮ ਵਿਭਾਗ ਨੇ 1 ਤੇ 2 ਮਈ ਨੂੰ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 17 ਸਾਲ ਬਾਅਦ ਅਪ੍ਰੈਲ ਮਹੀਨੇ ‘ਚ ਸ਼ਿਮਲਾ ‘ਚ 53 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਮੱਧ ਭਾਰਤ ਵਿੱਚ ਅਗਲੇ ਪੰਜ ਦਿਨਾਂ ਤੱਕ ਗਰਜ, ਬਿਜਲੀ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਪੱਛਮੀ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ ਦੇ ਕਈ ਹਿੱਸਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ ਪੂਰਬੀ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੱਛਮੀ ਹਿਮਾਲਿਆ ਖੇਤਰ ਵਿੱਚ ਬਰਫ਼ਬਾਰੀ, ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਜਾਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ

LEAVE A REPLY

Please enter your comment!
Please enter your name here