(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਗਿਆਸਪੁਰਾ ‘ਚ ਗੈਸ ਲੀਕ ਦੀ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ ਹੈ, ਉਨ੍ਹਾਂ ਕਿਹਾ ਕਿ “ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ..ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ ..ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ.. ਦੱਸ ਦੇਈਏ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਕੈਮੀਕਲ ਪਲਾਂਟ ਤੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।ਮਰਨ ਵਾਲਿਆਂ ਵਿੱਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਵਾਪਰਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਲੀਕ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। NDFR ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਜੋ ਗੈਸ ਲੀਕ ਹੋਈ ਹੈ ,ਉਹ ਅਮੋਨੀਆ ਗੈਸ ਹੋ ਸਕਦੀ ਹੈ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਮੈਡੀਕਲ, ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੀਮਾਰ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਇੱਥੋਂ ਦੀ ਵਿਧਾਇਕਾ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਇਮਾਰਤ ਵਿੱਚ ਦੁੱਧ ਦਾ ਬੂਥ ਖੁੱਲ੍ਹਿਆ ਹੋਇਆ ਸੀ ਅਤੇ ਜੋ ਵੀ ਸਵੇਰੇ ਦੁੱਧ ਲੈਣ ਲਈ ਇੱਥੇ ਗਿਆ ,ਉਹ ਬੇਹੋਸ਼ ਹੋ ਗਿਆ। ਪ੍ਰਸ਼ਾਸਨ ਨੇ ਇਮਾਰਤ ਦੇ ਆਲੇ-ਦੁਆਲੇ ਦੇ ਇੱਕ ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।