*ਰਾਮ ਰਹੀਮ ਨੂੰ ਮਿਲੇਗੀ ਮੁੜ ਪੈਰੋਲ? 29 ਅਪ੍ਰੈਲ ਨੂੰ ਡੇਰੇ ਦਾ ਸਥਾਪਨਾ ਦਿਵਸ, ਬਾਗਪਤ ਪ੍ਰਸ਼ਾਸਨ ਵੱਲੋਂ ਭੇਜੀ ਗਈ ਰਿਪੋਰਟ*

0
63

(ਸਾਰਾ ਯਹਾਂ/ਬਿਊਰੋ ਨਿਊਜ਼ )  : ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਮੁੜ ਪੈਰੋਲ ਮਿਲਣ ਦੀ ਚਰਚਾ ਸ਼ੁਰੂ ਹੋ ਗਈ ਹੈ। ਚਰਚਾ ਹੈ ਕਿ ਇਹ ਪੈਰੋਲ ਵੀ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਕੱਟ ਸਕਦਾ ਹੈ। ਉਸ ਦੇ 29 ਅਪ੍ਰੈਲ ਤੋਂ ਪਹਿਲਾਂ ਬਾਹਰ ਆਉਣ ਦੀ ਚਰਚਾ ਹੈ ਕਿਉਂਕਿ 29 ਅਪ੍ਰੈਲ ਨੂੰ ਡੇਰੇ ਦਾ ਸਥਾਪਨਾ ਦਿਵਸ ਹੈ। ਇਸ ਦੇ ਨਾਲ ਹੀ ਇਸ ਦਿਨ ਜਾਮ-ਏ-ਇੰਸਾ ਪਿਲਾਉਣ ਦੀ ਸ਼ੁਰੂਆਤ ਹੋਈ ਸੀ। ਅਜਿਹੇ ‘ਚ ਸਿਰਸਾ ਤੇ ਹੋਰ ਡੇਰਿਆਂ ‘ਚ ਸਥਾਪਨਾ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਯੂਪੀ ਦੇ ਬਾਗਪਤ ਪ੍ਰਸ਼ਾਸਨ ਵੱਲੋਂ ਰਿਪੋਰਟ ਭੇਜ ਦਿੱਤੀ ਗਈ ਹੈ। ਪੈਰੋਲ ‘ਚ ਕਿਸੇ ਤਰ੍ਹਾਂ ਦੀ ਅੜਚਨ ਨਾ ਆਉਣ ‘ਤੇ ਡੇਰਾ ਸੱਚਾ ਸੌਦਾ ਸਿਰਸਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰੇ ਦੀ ਇੱਕ ਟੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਪੁੱਜਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਡੇਰਾ ਮੁਖੀ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਆਇਆ ਸੀ ਤੇ ਮਾਰਚ ‘ਚ ਵਾਪਸੀ ਹੋਈ ਸੀ।

ਦੱਸ ਦੇਈਏ ਕਿ ਡੇਰਾ ਮੁਖੀ ਨੂੰ ਪੰਜਾਬ ਅਤੇ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਸਾਲ 2022 ਵਿੱਚ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਦੌਰਾਨ ਉਹ ਗੁਰੂਗ੍ਰਾਮ ਡੇਰੇ ‘ਚ ਰਿਹਾ। ਇਸ ਤੋਂ ਬਾਅਦ ਉਸ ਨੂੰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਦੋਂ ਉਹ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ ਸੀ।

ਅਕਤੂਬਰ 2022 ‘ਚ ਰਾਮ ਰਹੀਮ ਫਿਰ 40 ਦਿਨਾਂ ਲਈ ਪੈਰੋਲ ‘ਤੇ ਆਇਆ ਸੀ। ਉਸ ਨੂੰ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ 2017 ਤੋਂ ਜੇਲ੍ਹ ਵਿੱਚ ਹੈ। ਸਾਧਵੀ ਜਿਨਸੀ ਸ਼ੋਸ਼ਣ ਲਈ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।

LEAVE A REPLY

Please enter your comment!
Please enter your name here