*ਵਿਸ਼ਵ ਮਲੇਰੀਆ ਦਿਵਸ ਤੇ ਜਾਗਰੂਕਤਾ ਕੈਂਪ ਲਗਾਏ ਗਏ*

0
7

ਬੁਢਲਾਡਾ 26 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ)  ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਬੁਢਲਾਡਾ ਦੇ ਸੈਕਟਰ ਬਰ੍ਹੇ ਅਧੀਨ ਪੈਂਦੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਅਤੇ ਪਿੰਡ ਦੀਆਂ ਸੱਥਾਂ ਵਿੱਚ ਮਲੇਰੀਆ ਅਤੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਹਤ ਸੁਪਰਵਾਈਜਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਗੰਦੇ ਪਾਣੀ ‘ਚ ਪੈਦਾ ਹੁੰਦਾ ਹੈ। ਵਿਅਕਤੀ ਨੂੰ ਤੇਜ਼ ਬੁਖਾਰ ਹੋਣਾ, ਕਾਂਬਾ ਲੱਗਣਾ, ਪਸੀਨਾ ਆਉਣਾ, ਤੇਜ਼ ਸਿਰਦਰਦ, ਥਕਾਵਟ ਮਹਿਸੂਸ ਕਰਨਾ ਤੇ ਉਲਟੀ ਆਉਣਾ ਆਦਿ ਮਲੇਰੀਆ ਤੋਂ ਪੀੜਤ ਹੋਣ ਦੇ ਮੁੱਖ ਲੱਛਣ ਹਨ। ਸਿਹਤ ਕਰਮਚਾਰੀ ਕ੍ਰਿਸ਼ਨ ਕੁਮਾਰ, ਰਾਹੁਲ ਕੁਮਾਰ, ਨਿਰਭੈ ਸਿੰਘ, ਨਵਦੀਪ ਕਾਠ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਸਬ-ਸੈਂਟਰ ‘ਚ ਪਹੁੰਚ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦੀ ਜਾਂਚ ‘ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਡਰਾਈ ਡੇ ਫਰਾਈ ਡੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਫਰਿੱਜ ਤੇ ਕੂਲਰਾਂ ਦਾ ਪਾਣੀ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਘਰਾਂ ਦੇ ਨਜ਼ਦੀਕ ਗਮਲੇ, ਟਾਇਰ, ਕਬਾੜ, ਟੈਂਕੀ, ਟੁੱਟੇ ਭੱਜੇ ਸਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਤੇ ਕੱਚੇ ਟੋਭਿਆਂ ਵਿੱਚ ਖੜ੍ਹੇ ਪਾਣੀ ਤੇ ਕਾਲਾ ਸੜਿਆ ਤੇਲ ਪਾਇਆ ਜਾਵੇ ਤਾਂ ਇਸ ਵਿੱਚ ਲਾਰਵਾ ਨਾਲ ਦੀ ਨਾਲ ਖਤਮ ਹੋ ਜਾਂਦਾ ਹੈ। ਸਰੀਰ ਨੂੰ ਢੱਕਣ ਲਈ ਪੂਰੀ ਬਾਹਵਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here