*ਪੰਜਾਬ ਪੁਲਿਸ ਵੱਲੋਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਆਪ੍ਰੇਸ਼ਨ*

0
10

ਚੰਡੀਗੜ, 20 ਅਪ੍ਰੈਲ   (ਸਾਰਾ ਯਹਾਂ/  ਮੁੱਖ ਸੰਪਾਦਕ) :ਸੂਬੇ ਭਰ ’ਚ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ-ਦੁਆਲੇ ਚੌਕਸੀ ਨੂੰ ਹੋਰ ਪੁਖ਼ਤਾ ਕਰਦੇ ਹੋਏ, ਪੰਜਾਬ ਪੁਲਿਸ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਜਿਹੇ ਅਦਾਰਿਆਂ ਦੇ ਆਲੇ-ਦੁਆਲੇ ਘੁੰਮਦੇ  3947 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ  ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਪੁਲਿਸ ਵੱਲੋਂ ਬੁੱਧਵਾਰ ਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ ਦੁਆਲੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਹ ਅਪਰੇਸ਼ਨ ਰਾਜ ਦੇ ਸਾਰੇ 28 ਪੁਲਿਸ ਜ਼ਿਲਿਆਂ ਵਿੱਚ ਚਲਾਇਆ ਗਿਆ ਸੀ ਅਤੇ ਸੀਪੀਜ/ਐਸਐਸਪੀਜ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਨਿੱਜੀ ਤੌਰ ‘ਤੇ ਇਸ ਅਪਰੇਸ਼ਨ ਦੀ ਨਿਗਰਾਨੀ ਕਰਨ ਅਤੇ ਇਸ ਅਪਰੇਸ਼ਨ ਨੂੰ ਨੇਪਰੇ ਚਾੜਨ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਟੀਮਾਂ ਬਣਾਉਣ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਐਸਪੀਜ/ਡੀਐਸਪੀਜ ਦੀ ਨਿਗਰਾਨੀ ਹੇਠ 2000 ਤੋਂ ਵੱਧ ਪੁਲਿਸ ਮੁਲਾਜਮਾਂ ਦੀ ਸ਼ਮੂਲੀਅਤ ਵਾਲੀਆਂ 422 ਪੁਲਿਸ ਪਾਰਟੀਆਂ ਨੇ ਵਿੱਤੀ ਸੰਸਥਾਵਾਂ, ਖਾਸ ਕਰਕੇ ਬੈਂਕਾਂ ਦੇ ਆਲੇ ਦੁਆਲੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ। ਪੁਲਿਸ ਟੀਮਾਂ ਨੇ ਬੁੱਧਵਾਰ ਨੂੰ ਅਜਿਹੇ 3618 ਅਦਾਰਿਆਂ ਦੀ ਚੈਕਿੰਗ ਕੀਤੀ।

ਉਨਾਂ ਕਿਹਾ ਕਿ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਦਾ ਮੁੱਖ ਮਕਸਦ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਡਰ ਪੈਦਾ ਕਰਨਾ ਹੈ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਦਾ ਸੰਚਾਰ ਕਰਨਾ ਹੈ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਾਰੀਆਂ ਪੁਲਿਸ ਟੀਮਾਂ ਨੂੰ ਲੋਕਾਂ ਦੀ ਸ਼ਨਾਖਤ ਕਰਦੇ ਸਮੇਂ ਹਲੀਮੀ ਨਾਲ ਪੇਸ਼ ਆਉਣ ਅਤੇ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।
ਉਨਾਂ ਦੁਹਰਾਇਆ ਕਿ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
————

LEAVE A REPLY

Please enter your comment!
Please enter your name here