*ਹਾਈਕੋਰਟ ਤੋਂ ਸਿਰਫ 3 ਕਿਲੋਮੀਟਰ ਦੂਰ ਪੁਲਿਸ ਤੇ ਮੀਡੀਆ ਦੇ ਸਾਹਮਣੇ ਅਤੀਕ ਤੇ ਅਸ਼ਰਫ ਨੂੰ ਗੋਲੀਆਂ ਨਾਲ ਭੁੰਨ੍ਹਿਆ, ਪੁਲਿਸ ‘ਤੇ ਉੱਠ ਰਹੇ ਸਵਾਲ!*

0
74

(ਸਾਰਾ ਯਹਾਂ/ਬਿਊਰੋ ਨਿਊਜ਼ ) : ਸ਼ਨੀਵਾਰ ਨੂੰ ਮਾਫੀਆ ਅਤੀਕ ਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਕਤਲ ਤੋਂ ਬਾਅਦ ਯੂਪੀ ਪੁਲਿਸ ਤੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਅਤੀਕ ਨੇ ਪਹਿਲਾਂ ਹੀ ਇਸ ਕਤਲ ਨੂੰ ਲੈ ਕੇ ਯੂਪੀ ਪੁਲਿਸ ਦੀ ਨੀਅਤ ‘ਤੇ ਸਵਾਲ ਉਠਾਏ ਸਨ। ਅਤੀਕ ਦੀ ਪਤਨੀ ਸ਼ਾਇਸਤਾ ਨੇ ਵੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਉਸ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੀ।

ਸੁਪਰੀਮ ਕੋਰਟ ਦੀ ਇਸ ਟਿੱਪਣੀ ਦੇ 18 ਦਿਨ ਬਾਅਦ ਅਤੀਕ ਤੇ ਉਸ ਦੇ ਭਰਾ ਦੀ ਇਲਾਹਾਬਾਦ ਹਾਈ ਕੋਰਟ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਪੁਲਿਸ ਹਿਰਾਸਤ ਵਿੱਚ ਅਤੀਕ ਤੇ ਅਸ਼ਰਫ਼ ਨੂੰ ਗੋਲੀਆਂ ਮਾਰ ਦਿੱਤੀਆਂ। ਯੂਪੀ ਪੁਲਿਸ ਦੋਵਾਂ ਭਰਾਵਾਂ ਨੂੰ ਇੱਕੋ ਹੱਥਕੜੀ ਵਿੱਚ ਬੰਨ੍ਹ ਕੇ ਮੈਡੀਕਲ ਚੈੱਕਅਪ ਲਈ ਲੈ ਜਾ ਰਹੀ ਸੀ।

ਅਤੀਕ ਤੇ ਅਸ਼ਰਫ ਤੋਂ ਪੁੱਛਗਿੱਛ ਮਗਰੋਂ ਯੂਪੀ ਪੁਲਿਸ ਦੋਵਾਂ ਨੂੰ ਮੈਡੀਕਲ ਜਾਂਚ ਲਈ ਕਨਵਿਨ ਹਸਪਤਾਲ ਲੈ ਗਈ ਸੀ। ਹਸਪਤਾਲ ਤੋਂ ਇਲਾਹਾਬਾਦ ਹਾਈ ਕੋਰਟ ਦੀ ਦੂਰੀ ਲਗਪਗ 3 ਕਿਲੋਮੀਟਰ ਹੈ, ਜਦੋਂ ਕਿ ਪ੍ਰਯਾਗਰਾਜ ਐਸਐਸਪੀ ਦੀ ਰਿਹਾਇਸ਼ ਘਟਨਾ ਸਥਾਨ ਤੋਂ ਸਿਰਫ 6 ਕਿਲੋਮੀਟਰ ਦੂਰ ਹੈ। ਹਸਪਤਾਲ ਦੇ ਬਾਹਰ ਪੱਤਰਕਾਰਾਂ ਨੇ ਅਤੀਕ ਨੂੰ ਸਵਾਲ ਪੁੱਛੇ, ਜਿਨ੍ਹਾਂ ਦਾ ਅਤੀਕ ਜਵਾਬ ਦੇ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਨੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ 9 ਰਾਊਂਡ ਫਾਇਰਿੰਗ ਹੋ ਚੁੱਕੀ ਸੀ। ਅਤੀਕ ਤੇ ਅਸ਼ਰਫ ਦੀ ਹੱਤਿਆ ਤੋਂ ਬਾਅਦ ਪ੍ਰਯਾਗਰਾਜ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਪ੍ਰਯਾਗਰਾਜ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ। ਸਪਾ, ਬਸਪਾ ਤੇ ਕਾਂਗਰਸ ਦੇ ਦਫ਼ਤਰਾਂ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਪੁਲਿਸ ਦੀ ਢਿੱਲਮੱਠ ‘ਤੇ ਕਿਉਂ ਉੱਠ ਰਹੇ ਸਵਾਲ?- ਅਤੀਕ ਅਹਿਮਦ ਖ਼ਿਲਾਫ਼ 100 ਤੋਂ ਵੱਧ ਤੇ ਅਸ਼ਰਫ਼ ਖ਼ਿਲਾਫ਼ 52 ਅਪਰਾਧਿਕ ਮਾਮਲੇ ਦਰਜ ਹਨ। ਅਜਿਹੇ ‘ਚ ਪੁਲਿਸ ਨੇ ਦੋਵਾਂ ਨੂੰ ਇੱਕੋ ਹੱਥਕੜੀ ‘ਚ ਬੰਨ੍ਹ ਕੇ ਰੱਖਿਆ ਸੀ। ਕਤਲ ਦੀਆਂ ਵੀਡੀਓਜ਼ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਅਤੀਕ ਨੂੰ ਪਹਿਲਾਂ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਅਸ਼ਰਫ ਵੀ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਹਮਲਾਵਰ ਨੇ ਦੋਵਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ।

ਯਾਦ ਰਹੇ ਅਤੀਕ ਵਾਰ-ਵਾਰ ਆਪਣੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰ ਰਿਹਾ ਸੀ। ਇਸ ਦੇ ਬਾਵਜੂਦ ਸਾਵਧਾਨੀ ਨਹੀਂ ਵਰਤੀ ਗਈ। ਅਤੀਕ ਪੁਲਿਸ ਮੁਲਾਜ਼ਮਾਂ ਵਿਚਾਲੇ ਰੁਕ ਕੇ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ। ਆਮ ਤੌਰ ‘ਤੇ, ਅੰਡਰ ਟਰਾਇਲ ਕੈਦੀਆਂ ਨੂੰ ਪੁਲਿਸ ਦੁਆਰਾ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਯੂਪੀ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ 17 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

LEAVE A REPLY

Please enter your comment!
Please enter your name here