*ਅੱਜ ਡੀ ਟੀ ਐੱਫ ਮਾਨਸਾ ਦੀ ਹੰਗਾਮੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਬੁਲਾਈ ਗਈ*

0
35

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ): ਅੱਜ ਡੀ ਟੀ ਐੱਫ ਮਾਨਸਾ ਦੀ ਹੰਗਾਮੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਬੁਲਾਈ ਗਈ।ਜਿਸ ਵਿੱਚ ਸਿੱਖਿਆ ਮੰਤਰੀ ਖਿਲਾਫ ਰੋਸ ਪ੍ਰਗਟ ਕਰਨ ਵਾਲੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਦਾ ਸਖ਼ਤ ਨੋਟਿਸ ਲਿਆ ਗਿਆ।ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਗਿਆਰਾਂ ਅਪ੍ਰੈਲ ਨੂੰ ਸਰਕਾਰ ਦੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਦੁਆਰਾ ਸਿੱਖਿਆ ਮੰਤਰੀ ਦਾ ਵਿਰੋਧ ਕੀਤਾ ਗਿਆ ਜੋ ਕਿ ਉਹਨਾਂ ਦਾ ਜਮਹੂਰੀ ਅਧਿਕਾਰ ਵੀ ਹੈ। ਸਰਕਾਰ ਦੁਆਰਾ 8736 ਕੱਚੇ ਅਧਿਆਪਕ ਰੈਗੂਲਰ ਕਰਨ ਦੇ ਵੱਡੇ ਵੱਡੇ ਹੋਰਡਿੰਗ ਲਾਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ ਭਰੀਆਂ ਹੋਈਆਂ ਨੇ। ਜਦੋਂ ਕਿ ਅੱਠ ਨੌਂ ਮਹੀਨੇ ਲੰਘਣ ਦੇ ਬਾਵਜੂਦ ਅਜੇ ਤੱਕ ਇੱਕ ਵੀ ਕੱਚੇ ਅਧਿਆਪਕ ਨੂੰ ਰੈਗੂਲਰ ਆਰਡਰ ਨਹੀਂ ਮਿਲੇ। ਜ਼ਿਲਾ ਸਕੱਤਰ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਦਹਾਕਿਆਂ ਤੋਂ ਨਿਗੂਣੀ ਤਨਖਾਹ ਤੇ ਕੰਮ ਕਰਦੇ ਇਹ ਲਿਤਾੜੇ ਹੋਏ ਅਧਿਆਪਕ ਸਿੱਖਿਆ ਮੰਤਰੀ ਦਾ ਵਿਰੋਧ ਨਾ ਕਰਨ ਤਾਂ ਹੋਰ ਕੀ ਕਰਨ। ਇਹਨਾਂ ਨੂੰ ਰੈਗੂਲਰ ਕਰਨ ਦੀ ਥਾਂ ਸਿੱਖਿਆ ਵਿਭਾਗ ਦੁਆਰਾ ਸੁਖਚੈਨ ਸਿੰਘ ਅਤੇ ਸੰਦੀਪ ਸਿੰਘ ਨਾਂ ਦੇ ਵਲੰਟੀਅਰ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ। ਕੀ ਆਪ ਸਰਕਾਰ ਦਾ ਬਦਲਾਅ ਇਹੋ ਹੈ ? ਡੀ ਟੀ ਐੱਫ ਦੇ ਆਗੂਆਂ ਨਵਜੋਸ਼ ਸਪੋਲੀਆ, ਤਰਸੇਮ ਸਿੰਘ ਬੋੜਾਵਾਲ, ਨਿਧਾਨ ਸਿੰਘ ਅਤੇ ਹਰਫੂਲ ਸਿੰਘ ਬੋਹਾ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਰੱਜ ਕੇ ਸ਼ੋਸ਼ਣ ਕੀਤਾ ਇਹਨਾਂ ਕੱਚੇ ਅਧਿਆਪਕਾਂ ਦਾ ਪਰ ਨਵੀਂ ਸਰਕਾਰ ਇਹਨਾਂ ਨੂੰ ਰੈਗੂਲਰ ਕਰਨ ਦੀ ਥਾਂ ਨੌਕਰੀਆਂ ਤੋਂ ਕੱਢਣ ਦੇ ਰਾਹ ਹੀ ਤੁਰ ਪਈ ਹੈ। ਇਸ ਧੱਕੇਸ਼ਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਚੇ ਅਧਿਆਪਕਾਂ ਦੇ ਚੁੱਲ੍ਹੇ ਬਾਲਣ ਦੀਆਂ ਗੱਲਾਂ ਕਰਨ ਵਾਲੇ ਹੁਣ ਜੋ ਮਾੜੀ ਮੋਟੀ ਚੁੱਲ੍ਹਿਆਂ ਚ ਅੱਗ ਬਲਦੀ ਸੀ ਉਹ ਵੀ ਬੁਝਾਉਣ ਲੱਗੇ ਨੇ। ਡੀ ਟੀ ਐੱਫ ਮਾਨਸਾ ਇਹਨਾਂ ਕੱਚੇ ਅਧਿਆਪਕਾਂ ਦੇ ਨਾਲ਼ ਡਟ ਕੇ ਖੜ੍ਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਿਨਾਂ ਦੇਰੀ ਤੋਂ ਸਾਰੇ ਕੱਚੇ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਨਹੀਂ ਤਾਂ ਸਰਕਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਡੀ ਟੀ ਐੱਫ ਮਾਨਸਾ ਹਰ ਸੰਘਰਸ਼ ਵਿੱਚ ਕੱਚੇ ਅਧਿਆਪਕਾਂ ਦੇ ਨਾਲ਼ ਖੜ੍ਹੀ ਹੈ ਅਤੇ ਅੱਗੇ ਵੀ ਠੋਕਵਾਂ ਸੰਘਰਸ਼ ਕਰੇਗੀ। ਅੱਜ ਦੀ ਇਸ ਮੀਟਿੰਗ ਵਿੱਚ ਜੱਗਾ ਸਿੰਘ ਆਦਮਕੇ, ਦਮਨਜੀਤ ਸਿੰਘ ਬੋੜਾਵਾਲ, ਸੁਖਚੈਨ ਸਿੰਘ ਸੇਖੋਂ, ਰਾਜਵਿੰਦਰ ਬਹਿਣੀਵਾਲ, ਅੰਮ੍ਰਿਤਪਾਲ ਕਰੰਡੀ, ਚਰਨਪਾਲ ਸਿੰਘ ਦਸੌਂਧੀਆ, ਬਾਦਲ ਸਿੰਘ, ਕੁਲਦੀਪ ਸਿੰਘ ਅੱਕਾਂਵਾਲੀ,  ਜਗਦੇਵ ਸਿੰਘ ਜਲਵੇੜਾ ਆਦਿ ਅਧਿਆਪਕ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here