(ਸਾਰਾ ਯਹਾਂ/ਬਿਊਰੋ ਨਿਊਜ਼ ) : ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਕੱਲ੍ਹ ਦੇਰ ਸ਼ਾਮ ਮਿਲਟਰੀ ਦੇ ਯੂਨਿਟ ਐਲਓਸੀ ਦਫਤਰ ਨੇੜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਇਹ ਗੋਲੀ ਸੰਤਰੀ ਦੇ ਸਿਰ ਵਿੱਚ ਲੱਗੀ ਹੈ। ਇਸ ਦੀ ਜਾਂਚ ਜਾਰੀ ਹੈ।
ਹਾਸਲ ਜਾਣਕਾਰੀ ਮੁਤਾਬਕ ਮਿਲਟਰੀ ਵੱਲੋਂ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸੰਤਰੀ ਦੀ ਡਿਉਟੀ ‘ਤੇ ਮੌਜੂਦ ਜਵਾਨ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫੌਜੀ ਜਵਾਨਾਂ ਵੱਲੋਂ ਤਰੰਤ ਮਿਲਟਰੀ ਹਸਪਤਾਲ ਲਿਜਇਆ ਗਿਆ ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਫੌਜੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਫਿਲਹਾਲ ਮ੍ਰਿਤਕ ਫੌਜੀ ਦੀ ਲਾਸ਼ ਮਿਲਟਰੀ ਹਸਪਤਾਲ ਵਿੱਚ ਪਈ ਹੈ।
ਦੱਸ ਦਈਏ ਕੱਲ੍ਹ ਵੀ ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਚਲੀਆਂ ਸਨ। ਬਠਿੰਡਾ ਦੀ ਫੌਜੀ ਛਾਉਣੀ ’ਚ ਬੁੱਧਵਾਰ ਨੂੰ ਫਾਇਰਿੰਗ ਕਰਕੇ ਚਾਰ ਜਵਾਨਾਂ ਦੇ ਕੀਤੇ ਕਤਲ ਦਾ ਮਾਮਲਾ ਅਜੇ ਬੁਝਾਰਤ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰੀ ਫਾਇਰਿੰਗ ਦੀ ਘਟਨਾ ਮਗਰੋਂ ਫੌਜੀ ਏਰੀਆ ਬਿੱਲਕੁੱਲ ਸੀਲ ਸੀ ਪਰ ਸ਼ਾਮ ਨੂੰ ਮੁੜ ਗੋਲੀ ਚੱਲ ਗਈ। ਇਸ ਵਿੱਚ ਸੰਤਰੀ ਦੀ ਡਿਉਟੀ ਉੱਤੇ ਤਾਇਨਾਤ ਜਵਾਨ ਦੀ ਮੌਤ ਹੋ ਗਈ। ਉਧਰ, ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਜਾਣਕਾਰੀ ਮੰਗ ਲਈ ਹੈ।
ਬਠਿੰਡਾ ਦੇ ਐਸਪੀ (ਡੀ) ਅਜੈ ਗਾਂਧੀ ਨੇ ਇਸ ਬਾਰੇ ਕਿਹਾ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਫੌਜੀ ਜਵਾਨ ਬੈਰਕ ਵਿੱਚ ਸੌਂ ਰਹੇ ਸਨ। ਘਟਨਾ ਤੋਂ ਤੁਰੰਤ ਬਾਅਦ ਉਥੇ ਡਿਊਟੀ ’ਤੇ ਤਾਇਨਾਤ ਫੌਜ ਦੇ ਜਵਾਨਾਂ ਨੇ ਕੁੜਤੇ-ਪਜਾਮੇ ਪਹਿਨੀ ਤੇ ਮੂੰਹ ਢੱਕੇ ਚਿਹਰਿਆਂ ਵਾਲੇ ਦੋ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ’ਚ ਇਨਸਾਸ ਰਾਈਫਲ ਤੇ ਦੂਜੇ ਨੇ ਹੱਥ ’ਚ ਕੁਹਾੜੀ ਫੜੀ ਹੋਈ ਸੀ। ਜਵਾਨਾਂ ਦੀ ਨਜ਼ਰ ਪੈਣ ’ਤੇ ਦੋਵੇਂ ਜੰਗਲ ਵੱਲ ਭੱਜ ਗਏ।