ਮਾਨਸਾ, 30 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਹੋਰ ਅੱਗੇ ਲੈ ਕੇ ਆਉਣ ਦੇ ਮੰਤਵ ਨਾਲ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਸਾਲ 2023-24 ਦੌਰਾਨ ਖਿਡਾਰੀਆਂ ਦੇ ਦਾਖਲੇ ਲਈ ਸਿਲੈਕਸ਼ਨ ਟਰਾਇਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਟਰਾਇਲ ਸੂਬੇ ਦੇ 11 ਸਥਾਨਾਂ ’ਤੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਬਠਿੰਡਾ ਦੇ ਟਰਾਇਲ ਬਠਿੰਡਾ ਜ਼ਿਲ੍ਹੇ ਵਿੱਚ 15 ਅਤੇ 16 ਅਪੈ੍ਰਲ 2023 ਨੂੰ ਹੋਣਗੇ। ਜ਼ਿਲਿ੍ਹਆਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ 24 ਤੋਂ 28 ਅਪ੍ਰੈਲ ਤੱਕ ਪੀ.ਆਈ.ਐਸ. ਦੇ ਸੈਂਟਰਾਂ ਵਿੱਚ ਭਰਤੀ ਲਈ ਫਾਈਨਲ ਟਰਾਇਲ ਲਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਖੇਡ ਟਰਾਇਲ ਅੰਡਰ 10, 12, 14, 17, 19 ਅਤੇ 21 ਛੇ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਖੇਡ ਅਥਲੈਟਿਕਸ (ਲੜਕੇ ਅਤੇ ਲੜਕੀਆਂ) ਅੰਡਰ 14, 17 ਅਤੇ 19 ਦੇ ਟਰਾਇਲ ਸਪੋਰਟਰਸ ਸਕੂਲ ਘੁੱਦਾ, ਬਾਸਕਿਟਬਾਲ (ਲੜਕੇ ਅਤੇ ਲੜਕੀਆਂ) ਅੰਡਰ 17, 19 ਅਤੇ 21 ਦੇ ਟਰਾਇਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਬਾਕਸਿੰਗ (ਲੜਕੇ ਅਤੇ ਲੜਕੀਆਂ) ਸਪੋਰਟਸ ਸਕੂਲ ਘੁੱਦਾ, ਫੁੱਟਬਾਲ (ਲੜਕੇ) ਅੰਡਰ 14, 17 ਅਤੇ 19 ਸਪੋਰਟਸ ਸਕੂਲ ਘੁੱਦਾ, ਜਿਮਨਾਸਟਿਕ (ਲੜਕੇ ਅਤੇ ਲੜਕੀਆਂ) ਅੰਡਰ 10, 12, 14, 17 ਅਤੇ 19 ਦੇ ਟਰਾਇਲ ਪੁਲਿਸ ਪਬਲਿਕ ਸਕੂਲ ਬਠਿੰਡਾ ਅਤੇ ਹਾਕੀ (ਲੜਕੇ ਅਤੇ ਲੜਕੀਆਂ) ਅੰਡਰ 14, 17 ਅਤੇ 19 ਦੇ ਟਰਾਇਲ ਹਾਕੀ ਸਟੇਡੀਅਮ (ਰਾਜਿੰਦਰਾ ਕਾਲਜ) ਬਠਿੰਡਾ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੂਡੋ (ਲੜਕੇ ਅਤੇ ਲੜਕੀਆਂ) ਅੰਡਰ 14, 17, 19 ਅਤੇ 21 ਦੇ ਟਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ, ਵਾਲੀਬਾਲ (ਲੜਕੇ ਅਤੇ ਲੜਕੀਆਂ) ਅੰਡਰ 14, 17 ਅਤੇ 19 ਦੇ ਟਰਾਇਲ ਹਾਕੀ ਸਟੇਡੀਅਮ (ਰਾਜਿੰਦਰਾ ਕਾਲਜ) ਬਠਿੰਡਾ ਵਿਖੇ, ਵੇਟਲਿਫਟਿੰਗ (ਲੜਕੇ ਅਤੇ ਲੜਕੀਆਂ) ਅੰਡਰ 12, 15, 17 ਅਤੇ 20 ਦੇ ਟਰਾਇਲ ਸਪੋਰਟਸ ਸਕੂਲ ਘੁੱਦਾ, ਰੈਸÇਲੰਗ (ਲੜਕੇ) ਅੰਡਰ 14 ਅਤੇ 17 ਦੇ ਟਰਾਇਲ ਸਪੋਰਟਸ ਸਕੂਲ ਘੁੱਦਾ, ਆਰਚਰੀ (ਲੜਕੇ ਅਤੇ ਲੜਕੀਆਂ) ਅੰਡਰ 12 ਤੋਂ ਅੰਡਰ 20 ਆਦਰਸ਼ ਸਕੂਲ ਬਠਿੰਡਾ, ਟੇਬਲ ਟੈਨਿਸ (ਲੜਕੇ ਅਤੇ ਲੜਕੀਆਂ) ਅੰਡਰ 12, 14, 17 ਅਤੇ 19 ਸਿਵਲ ਲਾਈਨ ਕਲੱਬ ਬਠਿੰਡਾ ਅਤੇ ਹੈਂਡਬਾਲ (ਲੜਕੇ ਅਤੇ ਲੜਕੀਆਂ) ਅੰਡਰ 17 ਦੇ ਟਰਾਇਲ ਸੈਂਟ ਜ਼ੇਵੀਅਰ ਸਕੂਲ ਬਠਿੰਡਾ ਵਿਖੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਵਾਲੇ ਸਥਾਨ ’ਤੇ ਸਵੇਰੇ 8:30 ਵਜੇ ਰਿਪੋਰਟ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸਨੇ ਪਿਛਲੇ ਤਿੰਨ ਸਾਲਾਂ ਵਿੱਚ ਜ਼ਿਲ੍ਹਾ, ਰਾਜ ਅਤੇ ਕੌਮੀ ਪੱਧਰ ਦੇ ਟੁਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਦੇ ਮਾਤਾ-ਪਿਤਾ ਯੂ.ਟੀ. (ਚੰਡੀਗੜ੍ਹ) ਵਿੱਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਉਨ੍ਹਾ ਦੇ ਬੱਚੇ ਵੀ ਇਸ ਟਰਾਇਲ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ.-ਡੀ.ਏ. ਨਹੀਂ ਦਿੱਤਾ ਜਾਵੇਗਾ।
ਉਨ੍ਹਾ ਦੱਸਿਆ ਕਿ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਜ਼ਰੂਰ ਲੈ ਕੇ ਆਉਣ। ਇਨ੍ਹਾਂ ਟਰਾਇਲਾਂ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.pispunjab.org ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੀ.ਆਈ.ਐਸ. ਦੇ ਸੈਂਟਰਾਂ ਵਿੱਚ ਕੋਚਿੰਗ ਲਈ ਚੁਣੇ ਗਏ ਖਿਡਾਰੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਕੋਚਿੰਗ, ਡਾਈਟ, ਰਹਿਣ ਆਦਿ ਮੁਫ਼ਤ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਖਿਡਾਰੀ ਖੇਡਾਂ ਵਿੱਚ ਆਪਣਾ ਚੰਗਾ ਭਵਿੱਖ ਬਣਾ ਸਕਣ।