ਮਾਨਸਾ, 15 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਮਾਨਸਾ ਸ਼ਹਿਰ ਅੰਦਰ ਸ਼ਬਜੀ ਮੰਡੀ ਨੇੜੇ ਬਣੇ ਅੰਡਰਬਿ੍ਰਜ ਦੀ ਸੜਕ ਦੇ ਚਲ ਰਹੇ ਕਾਰਜ਼ਾ ਦਾ ਜਾਇਜਾ ਲਿਆ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਟੀ.ਬੈਨਿਥ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੜਕ ਦੇ ਚੱਲ ਰਹੇ ਕੰਮ ਨੂੰ ਸਮੇਂ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ, ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।
ਉਨ੍ਹਾਂ ਕਿਹਾ ਕਿ ਸੜਕ ਦੇ ਕਾਰਜ਼ਾਂ ਨੂੰ ਬਰਸਾਤੀ ਪਾਣੀ ਦੇ ਨਿਕਾਸ ਵੱਲ ਧਿਆਨ ਰੱਖ ਕੇ ਨੇਪਰੇ ਚੜਾਇਆ ਜਾਵੇ। ਉਨ੍ਹਾਂ ਸੜਕ ਲਈ ਵਰਤੇ ਜਾ ਰਹੇ ਸੀਮੇਂਟ ਅਤੇ ਹੋਰ ਮਾਪਦੰਡਾਂ ਬਾਰੇ ਜਾਣਕਾਰੀ ਲਈ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਟੀਰੀਅਲ ਦੀ ਕੁਆਲਟੀ ਅੰਦਰ ਅਣਗਹਿਲੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਪੰਜਾਬ ਨਿਰਮਾਣ ਤਹਿਤ ਸ਼ਮਸਾਨਘਾਟ ਤੋਂ ਓਵਰਬਿ੍ਰਜ ਤੱਕ ਜਾਂਦੀ ਸੜਕ ਦੇ ਦੋਵੇਂ ਪਾਸੇ ਬਰਮਾਂ ’ਤੇ ਲਗਾਈਆਂ ਇੰਟਰਲਾਕਿੰਗ ਟਾਇਲਾਂ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਵਾਲੀ ਸ਼ਮਸ਼ਾਨਘਾਟ ਮਾਨਸਾ ਕਲਾਂ ਦੇ ਅੰਦਰ ਲੱਗੀਆਂ ਇੰਟਰਲਾਕਿੰਗ ਟਾਇਲਾਂ ਦੇ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਅਤੇ ਮਿਣਤੀ ਕਰਵਾਈ।