*ਗਣਤੰਤਰ ਦਿਵਸ ਨੂੰ ਸਮਰਪਿਤ ਸਕਾਊਟ ਡਰੈੱਸ ’ਚ ਮਨਾਇਆ ‘ਫਿੱਟ ਇੰਡੀਆ ਸਕੂਲ ਹਫਤਾ’*

0
8

ਮਾਨਸਾ, 25 ਜਨਵਰੀ(ਸਾਰਾ ਯਹਾਂ/ ਮੁੱਖ ਸੰਪਾਦਕ )  :   ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਨਿਵੇਕਲੀ ਪਿਰਤ ਪਾਉਂਦਿਆਂ ਗਣਤੰਤਰ ਦਿਵਸ ਨੂੰ ਸਮਰਪਿਤ ਸਕਾਊਟ ਡਰੈੱਸ ਵਿੱਚ ਭਾਰਤ ਸਰਕਾਰ ਦੇ ਅਹਿਮ ਪ੍ਰੋਜੈਕਟ ‘ਫਿੱਟ ਇੰਡੀਆ ਸਕੂਲ ਹਫਤਾ’ ਦਾ ਆਗਾਜ਼ ਕਰਦਿਆਂ ਪ੍ਰਣ ਲਿਆ ਕਿ ਉਹ ਆਪਣੇ ਆਪ ਨੂੰ ਸਰੀਰਿਕ, ਮਾਨਸਿਕ, ਭਾਵਨਾਤਮਕ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਕਰਕੇ ‘ਫਿੱਟ ਇੰਡੀਆ‘ ਦੇ ਨਿਰਮਾਣ ਵਿਚ ਆਪਣਾ ਅਹਿਮ ਰੋਲ ਅਦਾ ਕਰਨਗੇ।
ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਮੁਖੀ ਸੰਦੀਪ ਕੁਮਾਰ ਸ਼ਰਮਾ ਅਤੇ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਅਧਿਆਪਕ (ਕਬ ਮਾਸਟਰ) ਰਾਜੇਸ਼ ਕੁਮਾਰ ਬੁਢਲਾਡਾ ਵੱਲੋਂ ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਕੀਤੀ ਪਹਿਲਕਦਮੀ ਤਹਿਤ ਸਕੂਲੀ ਬੱਚਿਆਂ ਨੇ ਜਿੱਥੇ ਸਕਾਊਟ ਵਿਧੀ ਰਾਹੀਂ ਵੱਖ-ਵੱਖ ਕਸਰਤਾਂ, ਗਤੀਵਿਧੀਆਂ, ਟ੍ਰੇਨਿੰਗਾਂ, ਖੇਡਾਂ, ਮੁਕਾਬਲਿਆਂ ਦੇ ਜ਼ਰੀਏ ਆਪਣੇ ਆਪ ਨੂੰ ਜ਼ਿੰਦਗੀ ਦੀ ਹਰ ਚੁਣੌਤੀ ਲਈ ਫਿੱਟ ਕੀਤਾ ਉੱਥੇ ਹੱਥ ਵਿੱਚ ਤਿਰੰਗੇ ਲਹਿਰਾ ਕੇ ਭਾਰਤ ਦੇਸ ਨੂੰ ਇੱਕ ਤੰਦਰੁਸਤ, ਖੁਸ਼ਹਾਲ ਤੇ ਹੱਸਦਾ-ਖੇਡਦਾ ਬਣਾਉਣ ਦਾ ਵੀ ਸੰਕਲਪ ਲਿਆ।
ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿਚ ਇਹ ਮੁਹਿੰਮ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਭੁਪਿੰਦਰ ਕੌਰ ਦੀ ਰਹਿਨੁਮਾਈ ਹੇਠ ਸੁਰੂ ਕੀਤੀ ਗਈ, ਜਿਸ ਦੀ ਅਗਵਾਈ ਬੀ.ਪੀ.ਈ.ਓ ਬੁਢਲਾਡਾ, ਅਮਨਦੀਪ ਸਿੰਘ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਗੁਰਲਾਭ ਸਿੰਘ ਅਤੇ ਸੀ.ਐਚ.ਟੀ ਗੜੱਦੀ ਰਾਮਪਾਲ ਸਿੰਘ ਦੇ ਸਹਿਯੋਗ ਨਾਲ ਕੀਤੀ ਅਤੇ ਇਸ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਯੁਵਾ ਅਫ਼ਸਰ ਸੰਦੀਪ ਘੰਡ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕਬ ਮਾਸਟਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ‘ਫਿੱਟ ਇੰਡੀਆ ਸਕੂਲ ਹਫਤਾ’ ਤਹਿਤ ਸਕੂਲ ਦੇ 14 ਬੱਚਿਆਂ ਨੂੰ ਸਕੂਲ ਮੁੱਖੀ ਸੰਦੀਪ ਕੁਮਾਰ ਵੱਲੋਂ ਤਿ੍ਰਤਿਆ ਚਰਨ ਦੇ ਸਟੇਟ ਵੱਲੋਂ ਆਏ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਸਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ ਸ਼ੁਰੂ ਕੀਤੀ ਵਿਸ਼ਵ ਵਿਆਪੀ ਸਕਾਊਟਿੰਗ ਲਹਿਰ ਤੋਂ ਬਾਅਦ ਹਰ ਵਿਸ਼ੇਸ਼ ਦਿਨ ’ਤੇ ਸਕਾਊਟਿੰਗ ਲਹਿਰ ਤਹਿਤ ਅਹਿਮ ਗਤੀਵਿਧੀਆਂ ਕਰਵਾ ਕੇ ਵੱਡੀ ਪਹਿਲਕਦਮੀ ਕਰਦਿਆਂ ਨਾਹਰਾਂ ਵਿੱਚ ਮਾਨਸਾ ਦਾ ਪਹਿਲਾਂ ‘ਤਿੰਨ ਰੋਜ਼ਾਂ ਰਿਹਾਇਸ਼ੀ ਕੈਂਪ’ ਲਗਾ ਕੇ ਪੰਜਾਬ ਦੀ ਪ੍ਰਾਇਮਰੀ ਸਕੂਲੀ ਸਿੱਖਿਆ ‘ਚ ਆਪਣਾ ਇੱਕ ਅਹਿਮ ਸਥਾਨ ਬਣਾ ਲਿਆ ਸੀ, ਜਿਸ ਦੀ ਭਾਰਤ ਸਕਾਊਟ ਐਂਡ ਗਾਈਡ ਪੰਜਾਬ, ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾਹ ਸਿੱਖਿਆ ਅਫ਼ਸਰ, ਬੀ.ਪੀ.ਈ.ਓ ਦਫ਼ਤਰ, ਨਹਿਰੂ ਯੁਵਾ ਕੇਂਦਰ, ਸਿੱਖਿਆ ਵਿਕਾਸ ਮੰਚ ਅਤੇ ਹੋਰ ਕਈ ਅਹਿਮ ਅਦਾਰਿਆਂ ਵੱਲੋਂ ਇਸ ਦੀ ਪ੍ਰਸ਼ੰਸਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਕਾਊਟਿੰਗ ਦੀ ਇਹ ਲਹਿਰ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਚੱਲਦੀ ਹੈ। ਸਟੇਟ ਟ੍ਰੇਨਿੰਗ ਕਮਿਸ਼ਨਰ ਹੇਮੰਤ ਕੁਮਾਰ ਅਤੇ ਜੁਆਇੰਟ ਐਸ.ਓ.ਸੀ. ਦਰਸ਼ਨ ਸਿੰਘ ਇਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਮਾਨਸਾ ਵਿਖੇ ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੀ ਵਿਸ਼ੇਸ਼ ਹੱਲਾਸ਼ੇਰੀ ’ਤੇ ਅਗਵਾਈ ਰਹਿੰਦੀ ਹੈ, ਜੋ ਕਿ ਸਟੇਟ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।
ਇਸ ਮੌਕੇ ਸਕੂਲ ਦੇ ਅਧਿਆਪਕ ਬਿਹਾਰਾ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਸੁਰਿੰਦਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਪ੍ਰੀਤ ਕੌਰ ਤੋਂ ਇਲਾਵਾ ਸਰਪੰਚ ਰਾਮ ਸਿੰਘ, ਮੈਂਬਰ ਨਿਰਮਲ ਸਿੰਘ, ਚੇਅਰਮੈਨ ਮਨਜਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here