(ਸਾਰਾ ਯਹਾਂ/ ਮੁੱਖ ਸੰਪਾਦਕ ) : ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਅਗਨੀ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਕ ਤੋਂ ਰਵਾਨਾ ਹੋਈ, ਜੋ ਕਾਲਾ ਸੰਘਿਆਂ ਰੋਡ ‘ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਪਹੁੰਚੀ। ਇਸ ਦੌਰਾਨ ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚੇ ਸਨ । ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਚੌਧਰੀ ਸੰਤੋਖ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ,ਚਰਨਜੀਤ ਸਿੰਘ ਚੰਨੀ, ਮੁਹੰਮਦ ਸਦੀਕ, ਸੰਸਦ ਮੈਂਬਰ ਗੁਰਜੀਤ ਔਜਲਾ, ਰਾਸ਼ਟਰੀ ਅਨੁਸੂਚਿਤ ਜਾਤੀ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਦੱਸ ਦੇਈਏ ਕਿ ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸ਼ਨੀਵਾਰ ਨੂੰ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ। ਅਚਾਨਕ ਸਿਹਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਨੂੰ ਤੁਰੰਤ ਫਗਵਾੜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ ਸੀ । ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਵਿੱਚ ਹੋਇਆ ਸੀ। ਉਹ ਪਿੰਡ ਧਾਲੀਵਾਲ ਦੇ ਜੰਮਪਲ ਸਨ। ਉਹ ਇੱਕ ਗਰੈਜੂਏਟ ਪ੍ਰੋਫੈਸ਼ਨਲ ਸਨ। ਉਹ ਪੇਸ਼ੇ ਵੱਜੋਂ ਵਕੀਲ ਅਤੇ ਬਿਜਨਸਮੈਨ ਸਨ। ਉਨ੍ਹਾਂ ਦੇ 1 ਲੜਕਾ ਅਤੇ ਇੱਕ ਲੜਕੀ ਹੈ। ਉਹ ਜਲੰਧਰ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਨੇ ਆਪਣੇ ਰਾਜਨੀਤੀ ਸਫ਼ਰ ਦੀ ਸ਼ੁਰੂਆਤ 1978 ਵਿੱਚ ਕੀਤੀ ਸੀ, ਜਦੋਂ ਉਹ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਸਨ। 1992 ਵਿੱਚ ਉਹ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਸਨ। ਚੌਧਰੀ 2 ਵਾਰੀ ਸਾਲ 1992 ਅਤੇ 2002 ਵਿੱਚ ਫਿਲੌਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ। 1992 ਵਿੱਚ ਉਹ ਪੰਜਾਬ ਕੈਬਿਨਟ ਵਿੱਚ ਮੰਤਰੀ ਬਣੇ ਅਤੇ ਪਰਿਵਾਰ ਭਲਾਈ ਤੇ ਫੂਡ ਸਪਲਾਈ ਵਿਭਾਗ ਦਾ ਅਹੁਦਾ ਮਿਲਿਆ।
ਉਪਰੰਤ 2002 ਵਿੱਚ ਮੁੜ ਸੰਤੋਖ ਸਿੰਘ ਚੌਧਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹੇਠਲੀ ਸਰਕਾਰ ਵਿੱਚ ਕੈਬਿਨਟ ਰੈਂਕ ਪ੍ਰਾਪਤ ਹੋਇਆ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ, ਮੈਡੀਕਲ ਸਿੱਖਿਆ ਅਤੇ ਰਿਸਰਚ ਵਿਭਾਗ ਮਿਲਿਆ। ਇਸ ਪਿੱਛੋਂ ਕਾਂਗਰਸ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਖੜਾ ਕੀਤਾ ਅਤੇ ਉਹ 2 ਵਾਰੀ 2014 ਅਤੇ 2019 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।