*ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀਭਾਰਤ ਜੋੜੋ ਯਾਤਰਾ ਸਿਰਫ ਕਾਂਗਰਸ ਲਈ ਨਹੀਂ, ਪੂਰੇ ਦੇਸ਼ ਲਈ ਹੈ: ਕਾਂਗਰਸ*

0
21

ਚੰਡੀਗੜ੍ਹ, 7 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹੈ, ਨਾ ਕਿ ਸਿਰਫ ਪਾਰਟੀ ਲਈ ਹੈ।ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਫਰਤ ਦੀ ਰਾਜਨੀਤੀ ਦੇ ਖਿਲਾਫ ਹੈ ਅਤੇ ਇਹ ਦੇਸ਼ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ ਅਤੇ ਪੂੰਜੀਵਾਦ ਵਰਗੇ ਕੁਝ ਅਹਿਮ ਮੁੱਦਿਆਂ ਵੱਲ ਖਿੱਚ ਰਹੀ ਹੈ ਅਤੇ ਇਸਨੇ ਆਪਣੇ ਉਦੇਸ਼ ਦੀ ਪ੍ਰਾਪਤੀ ਵਿੱਚ ਸਫਲਤਾ ਹਾਸਲ ਕੀਤੀ ਹੈ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਕੱਤਰ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਬਾਰਡਰ ਰਾਹੀਂ ਪੰਜਾਬ ‘ਚ ਪ੍ਰਵੇਸ਼ ਕਰਕੇ ਸਿੱਧੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾਵੇਗੀ।  ਰਾਹੁਲ ਗਾਂਧੀ 11 ਜਨਵਰੀ ਨੂੰ ਪੰਜਾਬ ਵਿਚ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨਗੇ।ਕਾਂਗਰਸੀ ਆਗੂਆਂ ਨੇ ਦੁਹਰਾਇਆ ਕਿ ਇਹ ਸਿਰਫ਼ ਪਾਰਟੀ ਦੀ ਯਾਤਰਾ ਨਹੀਂ ਹੈ।  ਹਰੀਸ਼ ਚੌਧਰੀ ਨੇ ਕਿਹਾ ਕਿ ਯਾਤਰਾ ਦੀ ਅਗਵਾਈ ਕਰਨ ਵਾਲੇ ਇਕੱਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਹਨ ਅਤੇ ਪਾਰਟੀ ਤੇ ਇਸਦੇ ਵਰਕਰਾਂ ਵੱਲੋਂ ਲੌਜਿਸਟਿਕ ਸਹਿਯੋਗ ਦਿੱਤਾ ਜਾ ਰਿਹਾ ਹੈ।  ਜਦੋਂ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਵਿਅਕਤੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ, ਫਿਲਮ ਕਲਾਕਾਰਾਂ, ਗਾਇਕਾਂ, ਅਰਥ ਸ਼ਾਸਤਰੀਆਂ, ਉਦਯੋਗਪਤੀਆਂ ਆਦਿ ਨੇ ਵੀ ਸ਼ਮੂਲੀਅਤ ਕੀਤੀ ਹੈ।ਚੌਧਰੀ ਨੇ ਖਾਸ ਕਰਕੇ ਇਨ੍ਹੀਂ ਦਿਨੀਂ ਪੰਜਾਬ ਆਉਣ ਵਾਲੇ ਐਨ ਆਰ ਆਈ ਪੰਜਾਬੀਆਂ ਨੂੰ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।  ਇਸੇ ਤਰ੍ਹਾਂ ਜਿਹੜੇ ਲੋਕ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਉਹ ਆਨਲਾਈਨ ਭਾਗ ਵੀ ਲੈ ਸਕਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵੜਿੰਗ ਨੇ ਦੱਸਿਆ ਕਿ ਯਾਤਰਾ ਹੁਣ ਤੱਕ 12 ਵਿੱਚੋਂ 10 ਸੂਬਿਆਂ ਨੂੰ ਕਵਰ ਕਰ ਚੁੱਕੀ ਹੈ।  ਪੰਜਾਬ ਤੋਂ ਬਾਅਦ ਹੁਣ ਸਿਰਫ਼ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਰਹਿ ਜਾਵੇਗਾ, ਜੋ ਯਾਤਰਾ ਸ੍ਰੀਨਗਰ ਵਿੱਚ ਖ਼ਤਮ ਹੋਵੇਗੀ।  ਉਨ੍ਹਾਂ ਖੁਲਾਸਾ ਕੀਤਾ ਕਿ ਸ਼ੁਰੂ ਵਿੱਚ ਯਾਤਰਾ ਦਾ ਪੂਰਾ ਰਸਤਾ 3570 ਕਿਲੋਮੀਟਰ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜੋ ਪੂਰਾ ਹੋਣ ਤੱਕ 4000 ਕਿਲੋਮੀਟਰ ਤੱਕ ਪਹੁੰਚ ਸਕਦਾ ਹੈ।ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯਾਤਰਾ 7 ਦਿਨ ਪੰਜਾਬ ਵਿੱਚ ਰਹੇਗੀ ਅਤੇ ਜੰਮੂ-ਕਸ਼ਮੀਰ ਵਿੱਚ ਮਾਧੋਪੁਰ ਤੋਂ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਪਠਾਨਕੋਟ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ।ਇਸ ਯਾਤਰਾ ਦਾ ਵਿਰੋਧ ਕਰਨ ਵਾਲੇ ਕੁਝ ਲੋਕਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਜ਼ਿਆਦਾਤਰ ਮਹਿਮਾਨ ਨਿਵਾਜ਼ੀ ਵਾਲਾ ਹੁੰਦਾ ਹੈ ਅਤੇ ਉਹ ਆਪਣੇ ਮਹਿਮਾਨਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਨ, ਚਾਹੇ ਉਹ ਕਿਸੇ ਵੀ ਪਾਰਟੀ, ਜਾਤ ਜਾਂ ਨਸਲ ਦਾ ਹੋਵੇ।ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਯਾਤਰਾ ਨੇ ਦੇਸ਼ ਭਰ ਦੇ ਲੋਕਾਂ ਵਿਚ ਆਪਣੀ ਛਾਪ ਛੱਡੀ ਹੈ ਅਤੇ ਇਸਨੇ ਲੋਕਾਂ ਨੂੰ ਆਵਾਜ਼ ਦਿੱਤੀ ਹੈ।  ਉਨ੍ਹਾਂ ਭਾਜਪਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਉਹ 2024 ‘ਚ ਸੱਤਾ ‘ਚ ਵਾਪਸੀ ਕਰਨ ਜਾ ਰਹੇ ਹਨ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਯਾਤਰਾ ਦੀ ਕਾਮਯਾਬੀ ਕਾਰਨ ਉਹ ਬੇਚੈਨ ਹਨ।  ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕੋਵਿਡ ਦੇ ਨਾਂ ‘ਤੇ ਯਾਤਰਾ ਦੇ ਰਸਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਬਾਜਵਾ ਨੇ ਕਿਹਾ ਕਿ ਇਹ ਯਾਤਰਾ 2024 ਦੀਆਂ ਚੋਣਾਂ ਲਈ ਰਾਹ ਪੱਧਰਾ ਕਰੇਗੀ ਅਤੇ ਇਤਿਹਾਸ ਸਿਰਜੇਗੀ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਪਹਿਲਾਂ ਵੀ ਚੰਦਰ ਸ਼ੇਖਰ ਵਰਗੇ ਨੇਤਾਵਾਂ ਨੇ ਅਜਿਹੀ ਯਾਤਰਾ ਕੀਤੀ ਸੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਇਲਾਵਾ, ਸੀਨੀਅਰ ਫਿਲਮ ਅਭਿਨੇਤਾ ਅਤੇ ਕਾਂਗਰਸ ਨੇਤਾ ਸੁਨੀਲ ਦੱਤ ਨੇ ਖਾੜਕੂਵਾਦ ਦੇ ਕਾਲੇ ਦਿਨਾਂ ਦੌਰਾਨ ਮੁੰਬਈ ਤੋਂ ਅੰਮ੍ਰਿਤਸਰ ਦੀ ਪਦਯਾਤਰਾ ਕੀਤੀ।ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਅਮਿਤ ਵਿੱਜ ਅਤੇ ਗੁਰਪ੍ਰੀਤ ਜੀ.ਪੀ. ਹਾਜਰ ਸਨ।ਕਾਂਗਰਸੀ ਆਗੂਆਂ ਨੇ ਸੀਨੀਅਰ ਪੱਤਰਕਾਰ ਐਨ.ਐਸ ਪਰਵਾਨਾ ਦੇ ਦੇਹਾਂਤ ‘ਤੇ ਅਫਸੋਸ ਪ੍ਰਗਟ ਕਰਦਿਆਂ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।  ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਵੱਡਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here