*ਧੀਆਂ ਦਾ ਸਤਿਕਾਰ ਸਾਡਾ ਸਭਿਆਚਾਰ ਅਤੇ ਧੀਆਂ ਹੀ ਸਾਡਾ ਸਨਮਾਨ ਹਨ-ਕੁਲਤਾਰ ਸਿੰਘ ਸੰਧਵਾ*

0
91

ਮਾਨਸਾ, 07 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਅੱਜ ਦੇ ਯੁੱਗ ਵਿਚ ਧੀਆਂ ਕਿਸੇ ਵੀ ਪਾਸੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਹਰ ਖੇਤਰ ਵਿਚ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਪੜ੍ਹਾਈ, ਵਿਗਿਆਨ ਜਾਂ ਸਮਾਜ ਨੂੰ ਉੱਚਾ ਚੁੱਕਣ ਨਾਲ ਸਬੰਧਤ ਹੋਵੇ, ਧੀਆਂ ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ ਵਿਧਾਨ ਸਭਾ ਸ੍ਰ. ਕੁਲਤਾਰ ਸਿੰਘ ਸੰਧਵਾ ਨੇ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ, ਮਾਨਸਾ ਖੁਰਦ ਵਿਖੇ ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਆਯੋਜਿਤ 18ਵਾਂ ਲੋਹੜੀ ਮੇਲਾ-2023 ‘ਲੋਹੜੀ ਧੀਆਂ ਦੀ’ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਹਿਲਾਵਾਂ ਦੇ ਸ਼ਸਕਤੀਕਰਨ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਔਰਤਾਂ ਦਾ ਮਨੋਬਲ ਵੀ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੇ ਅਤੇ ਲੜਕੀ ਦੇ ਅੰਤਰ ਨੂੰ ਖਤਮ ਕਰਨ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਧੀਆਂ ਦਾ ਸਤਿਕਾਰ ਕਰਨਾ ਸਾਡਾ ਸਭਿਆਚਾਰ ਹੈ ਅਤੇ ਧੀਆਂ ਨਾਲ ਹੀ ਸਾਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿੱਥੇ ਧੀਆਂ ਦਾ ਸਤਿਕਾਰ ਹੁੰਦਾ ਹੈ ਉਸ ਧਰਤੀ ਨੂੰ ਮੈਂ ਸਿੱਜਦਾ ਕਰਦਾ ਹਾਂ।
ਸ੍ਰ. ਸੰਧਵਾ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਨੂੰ ਆਪਣੇ ਗੁਰੂ ਅਤੇ ਮਾਤਾ ਪਿਤਾ ਦਾ ਹਮੇਸ਼ਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਅਤੇ ਮਾਤਾ ਪਿਤਾ ਦਾ ਸਾਡੀ ਜਿੰਦਗੀ ਅੰਦਰ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਜਿੱਥੇ ਸਭਿਆਚਾਰ ਚੇਤਨਾ ਮੰਚ ਨੂੰ ਧੀਆਂ ਦੀ ਲੋਹੜੀ ਮਨਾਉਣ ਲਈ ਮੁਬਾਰਬਾਦ ਦਿੱਤੀ, ਉਥੇ ਲੋਹੜੀ ਦੇ ਸ਼ੁਭ ਦਿਹਾੜੇ ਨੂੰ ਲੈ ਕੇ ਸਨਮਾਨਿਤ ਹੋਣ ਵਾਲੀਆਂ ਧੀਆਂ ਦੇ ਉੱਜਵੱਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ।
ਸਪੀਕਰ ਵਿਧਾਨ ਸਭਾ ਸ੍ਰ. ਸੰਧਵਾ ਨੇ ਧੀਆਂ ਦੀ ਲੋਹੜੀ ਮੌਕੇ ਮਾਲਵਾ ਪਬਲਿਕ ਸਕੂਲ ਖਿਆਲਾਂ ਦੀਆਂ ਵਿਦਿਆਰਥਣਾਂ ਨੂੰ ਕਵੀਸ਼ਰੀ ਗਾਇਨ ਤੋਂ ਪ੍ਰਭਾਵਿਤ ਹੋ ਕੇ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਸਭਿਆਚਾਰ ਚੇਤਨਾ ਮੰਚ ਨੂੰ ਲੋੜਵੰਦ ਧੀਆਂ ਦੀ ਸਹਾਇਤਾ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 1 ਲੱਖ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ੍ਰ. ਸੰਧਵਾ ਨੇ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿਚ ਵਿਲੱਖਣ ਕਾਰਜ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਹੋਣਹਾਰ ਧੀਆਂ ਦਾ ਸਨਮਾਨਿਤ ਕੀਤਾ। ਸਭਿਆਚਾਰ ਚੇਤਨਾ ਮੰਚ ਵੱਲੋਂ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾ ਸਮੇਤ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਸੀ੍ਰ ਵਿਜੈ ਸਿੰਗਲਾ ਵੱਲੋਂ ਧੀਆਂ ਦੀ ਲੋਹੜੀ ਮੌਕੇ ਉਲੀਕੇ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ’ਤੇ ਸਪੀਕਰ ਸ੍ਰ. ਕੁਲਤਾਰ  ਸਿੰਘ ਸੰਧਵਾ ਨੂੰ ਜੀ ਆਇਆ ਨੂੰ ਆਖਿਆ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਵਿਚ ਔਰਤ ਦਾ ਸਨਮਾਨ ਨਹੀਂ ਹੁੰਦਾ, ਉੱਥੇ ਖੁਸ਼ਹਾਲੀ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਕੁੜੀਆਂ ਬਿਨ੍ਹਾਂ ਸਮਾਜ ਦੀ ਹੋਂਦ ਸੰਭਵ ਨਹੀਂ ਹੈ, ਲੋਕ ਆਪਣੀਆਂ ਧੀਆਂ ਨੂੰ ਉੱਚ ਵਿੱਦਿਆ, ਗੁਣ ਅਤੇ ਸੰਸਕਾਰਾਂ ਨਾਲ ਸਜਾਉਣ ਤਾਂ ਜੋ ਉਹ ਆਪਣੇ ਪਰਿਵਾਰ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆ ਦੇ ਨਕਸ਼ੇ ’ਤੇ ਚਮਕਾ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ, ਐਸ.ਐਸ.ਪੀ. ਡਾ. ਨਾਨਕ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ, ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਸੰਤ ਪ੍ਰਸੋਤਮਦਾਸ,  ਗੁਰਪ੍ਰੀਤ ਸਿੰਘ ਭੁੱਚਰ, ਇੰਦਰਜੀਤ ਸਿੰਘ ਉੱਭਾ, ਪ੍ਰਧਾਨ ਸੱਭਿਆਚਾਰ ਚੇਤਨਾ ਮੰਚ ਹਰਿੰਦਰ ਸਿੰਘ ਮਾਨਸ਼ਾਹੀਆ, ਕੋਆਰਡੀਨੇਟਰ ਬਲਰਾਜ ਨੰਗਲ, ਹਰਦੀਪ ਸਿੰਘ ਸਿੱਧੂ, ਸਰਬਜੀਤ ਕੌਸ਼ਲ, ਕਮਲਜੀਤ ਮਾਲਵਾ, ਬਲਜਿੰਦਰ ਸੰਗੀਲਾ, ਕੇਵਲ ਸਿੰਘ, ਅਸ਼ੋਕ ਬਾਂਸਲ, ਬਲਰਾਜ ਮਾਨ, ਦਰਸ਼ਨ ਜਿੰਦਲ, ਮੋਹਨ ਲਾਲ, ਕੁਲਦੀਪ ਪਰਮਾਰ, ਵਿਜੈ ਕੁਮਾਰ ਜਿੰਦਲ, ਕ੍ਰਿਸ਼ਨ ਗੋਇਲ, ਜਸਪਾਲ ਦਾਤੇਵਾਸ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here