ਮਾਨਸਾ, 28 ਦਸੰਬਰ(ਸਾਰਾ ਯਹਾਂ/ ਮੁੱਖ ਸੰਪਾਦਕ ): : ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਸੁਵਿਧਾ ਲਈ ਸਸਤੀਆਂ ਦਰਾਂ ’ਤੇ ਰਾਸ਼ਨ ਤੇ ਹੋਰ ਸਮੱਗਰੀ ਲਈ ਚਲਾਏ ਜਾ ਰਹੇ ਡਿਪੂਆਂ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਡਿਪੂਆਂ ’ਤੇ ਖਪਤਕਾਰਾਂ ਨੂੰ ਵੰਡੇ ਜਾਣ ਵਾਲੇ ਅਨਾਜ ਦੀ ਕੁਆਲਟੀ ਅਤੇ ਮਿਕਦਾਰ ਦੀ ਚੈਕਿੰਗ ਕੀਤੀ। ਉਨ੍ਹਾਂ ਡਿਪੂ ਹੋਲਡਰਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਡਿਪੂ ਤੋਂ ਲਾਭਪਾਤਰੀਆਂ ਨੂੰ ਕਣਕ ਅਤੇ ਹੋਰ ਸਮੱਗਰੀ ਤੋਲ ਕੇ ਦਿੱਤੀ ਜਾਵੇ ਅਤੇ ਹਰੇਕ ਡਿਪੂ ’ਤੇ ਕੰਡਾ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲਾਭਪਾਤਰੀ ਡਿਪੂ ’ਤੇ ਮਿਲਣ ਵਾਲੀ ਸਮੱਗਰੀ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਮੌੌਕੇ ’ਤੇ ਮੌੌਜੂਦ ਖਪਤਕਾਰਾ ਤੋਂ ਡਿਪੂ ਤੋ ਮਿਲਦੇ ਅਨਾਜ ਦੀ ਕੁਆਲਟੀ ਅਤੇ ਮਿਕਦਾਰ ਸਬੰਧੀ ਪੁੱਛਗਿੱਛ ਕੀਤੀ। ਉਨ੍ਹਾਂ ਡਿਪੂ ਹੋੋਲਡਰਾ ਨੂੰ ਹਦਾਇਤ ਕੀਤੀ ਗਈ ਕਿ ਅਨਾਜ ਦੀ ਵੰਡ ਸਮੇ ਅਨਾਜ ਦੀ ਮਿਕਦਾਰ ਅਤੇ ਰੇਟ ਸਬੰਧੀ ਸੂਚਨਾ ਮੁਹੱਈਆ ਕਰਦੇ ਬੋੋਰਡ ਲਗਵਾਏ ਜਾਣ ਅਤੇ ਅਨਾਜ ਤੋਲਣ ਵਾਲੇ ਕੰਡੇ-ਵੱਟੇ ਨਾਪ ਤੋਲ ਵਿਭਾਗ ਤੋ ਤਸਦੀਕ ਸ਼ੁਦਾ ਹੀ ਵਰਤੇ ਜਾਣ।
ਉਨ੍ਹਾਂ ਵੱਲੋ ਡਿਪੂ ਹੋਲਡਰਾ ਨੂੰ ਡਿਪੂ ਦੇ ਸਥਾਨ ਦੀ ਸਾਫ-ਸਫਾਈ ਰੱਖਣ ਦੀ ਵੀ ਹਦਾਇਤ ਕੀਤੀ ਗਈ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਉਹ ਡਿਪੂ ਤੋਂ ਰਾਸ਼ਨ ਹਮੇਸ਼ਾਂ ਤੋਲ ਕੇ ਲੈਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ।
ਡਿਪੂ ਹੋਲਡਰਾਂ ਅਤੇ ਵਿਭਾਗ ਦੇ ਅਧਿਕਾਰੀਆ ਵੱਲੋ ਡਿਪਟੀ ਕਮਿਸਨਰ ਨੂੰ ਦੱਸਿਆ ਗਿਆ ਕਿ ਖਪਤਕਾਰਾਂ ਨੂੰ ਅਨਾਜ ਦੀ ਵੰਡ ਈ-ਪੋਜ਼ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਿਗਰਾਨ ਕਮੇਟੀ ਮੈਂਬਰ ਅਤੇ ਨਗਰ ਕੌੌਂਸਲਰਾਂ ਨੂੰ ਕਿਹਾ ਕਿ ਕਾਰਡ ਧਾਰਕਾਂ ਦੀ ਵੈਦਿਤਾ ਸਬੰਧੀ ਚੱਲ ਰਹੀ ਪੜਤਾਲ ਦੌੌਰਾਨ ਪੜਤਾਲ ਅਧਿਕਾਰੀਆ ਨੂੰ ਸਹਿਯੋਗ ਕੀਤਾ ਜਾਵੇ, ਤਾ ਜੋ ਗਲਤ ਬਣੇ ਰਾਸ਼ਨ ਕਾਰਡ ਨੂੰ ਕੱਟਿਆ ਜਾ ਸਕੇ ਅਤੇ ਯੋਗ ਪਰਿਵਾਰ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾ ਸਕੇ।