*ਮਾਨਸਾ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਵਾਇਸ ਪ੍ਰਧਾਨ ਦੇ ਅਹੁਦੇ ਖਾਲੀ ਹੋਣ ਕਾਰਨ ਮਾਨਸਾ ਨਗਰ ਕੌਂਸਲ ਦੇ ਸਾਰੇ ਕੰਮਕਾਰ ਬੰਦ*

0
118

ਮਾਨਸਾ 22 ਦਸੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਵਾਇਸ ਪ੍ਰਧਾਨ ਦੇ ਅਹੁਦੇ ਖਾਲੀ ਹੋਣ ਕਾਰਨ ਮਾਨਸਾ ਨਗਰ ਕੌਂਸਲ ਦੇ ਸਾਰੇ ਕੰਮਕਾਰ ਬੰਦ ਪਏ ਸਨ ਕਿਉਂ ਕਿ ਪ੍ਰਧਾਨ ਅਤੇ ਹੋਰ ਅਹੁਦੇਦਾਰ ਨਾ ਹੋਣ ਕਾਰਨ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ ਅਤੇ ਇਸ ਤੋਂ ਇਲਾਵਾ ਵਿਕਾਸ ਦੇ ਕੰਮਾਂ ਲਈ ਕੋਈ ਵੀ ਫੰਡ ਨਗਰ ਕੌਂਸਲ ਵੱਲੋਂ ਜਾਰੀ ਨਹੀਂ ਹੋ ਸਕਦਾ। ਪਿਛਲੇ ਦਿਨੀਂ 18-11-2022 ਨੂੰ ਐਸ.ਡੀ.ਐਮ. ਮਾਨਸਾ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਨ ਸਬੰਧੀ ਨਗਰ ਕੌਂਸਲ ਦੇ ਕੌਂਸਲਰਾਂ ਦੀ ਮੀਟਿੰਗ ਬੁਲਾਈ ਗਈ ਸੀ ਪਰ ਮੌਜੂਦਾ ਸਰਕਾਰ ਦੇ ਮਾਨਸਾ ਸ਼ਹਿਰ ਵਿੱਚ ਮੌਜੂਦ ਦੋ ਧੜਿਆਂ ਦੀ ਖਿਚੋਤਾਣ ਕਾਰਨ ਇਹ ਚੋਣ ਐਨ ਮੌਕੇ ਕੇ ਮੁਲਤਵੀ ਕਰ ਦਿੱਤੀ ਗਈ ਸੀ। ਚਾਹੇ ਇਹ ਚੋਣ ਮੁਲਤਵੀਂ ਕਰਨ ਪਿੱਛੇ ਪ੍ਰਸ਼ਾਸ਼ਨ ਵੱਲੋਂ ਆਪਣੇ ਨਿੱਜੀ ਰੁਝੇਵੇਂ ਦੱਸਿਆ ਗਿਆ ਸੀ । ਹੁਣ ਮੁੜ ਤੋਂ ਮਾਨਸਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮਿਤੀ 28-12-2022 ਨੂੰ ਬੱਚਤ ਭਵਨ ਵਿਖੇ 11 ਵਜੇ ਰੱਖੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਮਾਨਸਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਸੀਵਰੇਜ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੇ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਨਗਰ ਕੌਂਸਲ ਦੇ ਕੰਮ ਕਾਜ ਠੱਪ ਹਨ ਅਤੇ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਕਰ ਮਾਨਸਾ ਦੇ ਨਗਰ ਕੌਂਸਲ ਦੇ ਅਹੁਦੇਦਾਰ ਦੀ ਚੋਣ ਹੋ ਜਾਂਦੀ ਹੈ ਤਾਂ ਆਮ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੇ ਆਸਾਰ ਹਨ। ਉਹਨਾਂ ਮਾਨਸਾ ਨਗਰ ਕੌਂਸਲ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਧੜੇਬੰਦੀ ਪਿੱਛੇ ਛੱਡਦੇ ਹੋਏ ਸ਼ਹਿਰ ਨੂੰ ਪਹਿਲ ਦਿੰਦੇ ਹੋਏ ਯੋਗ ਉਮੀਦਵਾਰਾਂ ਨੂੰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਤੇ ਚੁਣਿਆ ਜਾਵੇ ਤਾਂ ਜੋ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਉਹਨਾਂ ਮਾਨਸਾ ਪ੍ਰਸ਼ਾਸ਼ਨ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਰਾਜਸੀ ਦਬਾਅ ਦੇ ਹੁਣ ਮਿੱਥੇ ਦਿਨ ਮਿਤੀ 28-12-2022 ਨੂੰ ਮਾਨਸਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਤਾਂ ਜੋ ਕਿ ਮਾਨਸਾ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here