ਮਾਨਸਾ, 20 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਮਿਸ਼ਨ ‘ਨਿਸ਼ਚੈ ਮਿਤਰਾ’ ਅਧੀਨ ਟੀ.ਬੀ. ਦੇ ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਮਹੀਨਾਵਾਰ ਰਾਸ਼ਨ ਵੰਡ ਮੁਹਿੰਮ ਤਹਿਤ ਸਿਵਲ ਸਰਜਨ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਨਿਸ਼ੀ ਸ਼ੂਦ ਵੱਲੋਂ ਮੈਕਸ ਹੈਲਥ ਕੇਅਰ ਦੇ ਸਹਿਯੋਗ ਨਾਲ ਟੀ.ਬੀ. ਦੇ 150 ਲੋੜਵੰਦ ਮਰੀਜ਼ਾਂ ਨੂੰ ਰਾਸ਼ਨ (ਪੋਸਟਿਕ ਆਹਾਰ) ਕਿੱਟਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੈਕਸ ਹੈਲਥ ਕੇਅਰ ਦੇ ਸਹਿਯੋਗ ਨਾਲ ਕੀਤਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਪ੍ਰਾਈਵੇਟ ਡਾਕਟਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਸਵੈ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਦੇ ਇਕ ਜਾਂ ਦੋ ਮਰੀਜ਼ਾਂ ਨੂੰ ਅਡਾਪਟ ਕਰਕੇ ‘ਨਿਸਚੈ ਮਿੱਤਰਾ’ ਅਧੀਨ ਲਿਆਉਣ। ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਮਰੀਜ਼ਾਂ ਨੂੰ ਇਲਾਜ਼ ਦੌਰਾਨ ਸਾਵਧਾਨੀਆਂ ਵਰਤਣ, ਸਮੇਂ ਸਿਰ ਦਵਾਈ ਲੈਣ, ਚੰਗੀ ਪੌਸ਼ਟਿਕ ਖੁਰਾਕ ਵਰਤਣ ਆਦਿ ਬਾਰੇ ਜਾਣਕਾਰੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਨਿਸ਼ਚੈ ਮਿਤਰਾ (ਪੋਸਟਿਕ ਆਹਾਰ) ਵੰਡ ਚੰਗਾ ਉਦਮ ਹੈ।
ਇਸ ਮੌਕੇ ਜ਼ਿਲ੍ਹਾ ਟੀ.ਬੀ.ਅਫ਼ਸਰ, ਡਾ. ਨਿਸ਼ੀ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਇਸ ਸਾਲ ਹੁਣ ਤੱਕ 5162 ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਅਤੇ 543 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਟੀ.ਬੀ. ਦਾ ਮਰੀਜ਼ ਦਵਾਈ ਅੱਧ ਵਿਚਕਾਰ ਛੱਡ ਜਾਂਦਾ ਹੈ ਤਾਂ ਉਸ ਦਾ ਇਲਾਜ਼ ਦੁਬਾਰਾ ਸ਼ੁਰੂ ਕਰਨਾ ਪੈਂਦਾ ਹੈ ਜਿਸ ਕਰਕੇ ਮਰੀਜ਼ ਨੂੰ ਠੀਕ ਹੋਣ ਵਿੱਚ ਵੱਧ ਸਮਾਂ ਲਗਦਾ ਹੈ ਅਤੇ ਵਾਰ ਵਾਰ ਇਲਾਜ਼ ਛੱਡਣ ਵਾਲੇ ਮਰੀਜ਼ ਨੂੰ ਮਲਟੀਡਰਗ ਰਜਿਸਟੇਸ ਮਰੀਜ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਮਰੀਜ਼ ਨੂੰ ਵੱਧ ਮਾਤਰਾ ਵਿੱਚ ਦਵਾਈ ਦਿੱਤੀ ਜਾਂਦੀ ਹੈ ਅਤੇ ਠੀਕ ਹੋਣ ਲਈ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਕਈ ਵਾਰ ਮਰੀਜ਼ ਠੀਕ ਵੀ ਨਹੀ ਹੋ ਪਾਉਂਦਾ।
ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋ 2025 ਤੱਕ ਟੀ.ਬੀ ਦੀ ਬਿਮਾਰੀ ਨੂੰ ਇਲੈਮੀਨੇਟ ਕਰਨਾ ਹੈ, ਜਿਸ ਲਈ ਸਿਹਤ ਵਿਭਾਗ ਨੂੰ ਸਵੈ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ 15 ਦਿਨਾਂ ਤੋ ਵੱਧ ਖੰਘ, ਖੰਘ ਦੌਰਾਨ ਬਲਗਮ ਆਉਣਾ ਅਤੇ ਬਲਗਮ ਵਿੱਚ ਖੂਨ ਦਾ ਆਊਣਾ, ਕਮਜ਼ੋਰੀ, ਥਕਾਵਟ, ਸਾਹ ਚੜਨਾ, ਰੰਗ ਦਾ ਕਾਲਾ ਪੈਣਾ, ਭੁੱਖ ਦਾ ਘਟਣਾ ਟੀ.ਬੀ. ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ, ਇਸ ਤਰ੍ਹਾਂ ਦੇ ਸ਼ੱਕੀ ਮਰੀਜ਼ਾਂ ਨੂੰ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਤੁਰੰਤ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀ.ਬੀ. ਦੇ ਪਾਜ਼ੀਟਿਵ ਮਰੀਜ਼ ਨੂੰ ਹਰ ਸਮੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ, ਥੁੱਕਣ ਤੋ ਪਰਹੇਜ ਕਰਨਾ ਚਾਹੀਦਾ ਹੈ। ਛੇ ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਸੰਪਰਕ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਡਾਕਟਰ ਦੀ ਸਲਾਹ ਅਨੁਸਾਰ ਬੱਚੇ ਨੂੰ ਬਣਦੀ ਦਵਾਈ ਦੇਣੀ ਚਾਹੀਦੀ ਹੈ।
ਇਸ ਮੌਕੇ ਮਿਸਿਜ਼ ਰੋਜਲੀਨ ਅਤੇ ਜਸਪਾਲ ਕੌਰ ਨਰਸਿੰਗ ਸਿਸਟਰ, ਦਰਸ਼ਨ ਸਿੰਘ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਸੁਰਿੰਦਰ ਕੁਮਾਰ ਸੀਨੀਅਰ ਐਸ. ਟੀ. ਐਸ , ਹਰਸਿਮਰਨਜੀਤ ਸਿੰਘ, ਸਵੀਤਾ,ਅਤੇ ਗੁਰਸੇਵਕ ਸਿੰਘ ਟੀ.ਬੀ ਹੈਲਥ ਵਿਜਿਟਰ, ਕਲੱਬ ਦੇ ਨੁਮਾਇੰਦੇ, ਮੈਂਬਰ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਮੌਜੂਦ ਸਨ।