*ਕੈਬਨਿਟ ਮੰਤਰੀ ਨਿੱਜਰ ਨੇ ਦੱਖਣੀ ਹਲਕੇ ’ਚ ਲੋਕਾਂ ਦੇ ਘਰਾਂ ’ਚ ਸੋਲਰ ਸਿਸਟਮ ਲਗਾਉਣ ਦੇ ਕੰਮ ਦਾ ਕੀਤਾ ਉਦਘਾਟਨ*

0
28

ਚੰਡੀਗੜ੍ਹ/ਅੰਮ੍ਰਿਤਸਰ 17 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ):ਅੰਮ੍ਰਿਤਸਰ ਦੇ ਸੁੰਦਰੀਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ 7.73 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ  ਨੇ ਅੱਜ ਦੱਖਣੀ ਹਲਕੇ ਦੇ ਵਾਰਡ ਨੰ: 33, 34 ਅਤੇ 39 ਅਧੀਨ ਪੈਂਦੇ ਇਲਾਕੇ ਦਬੁਰਜੀ, ਬਾਜੀਗਰ ਬਸਤੀ ਅਤੇ ਅਰਜਨ ਨਗਰ ਵਿੱਖੇ ਐਸ.ਸੀ. ਭਾਈਚਾਰੇ ਦੇ ਲੋਕਾਂ ਦੇ ਘਰ ਵਿਖੇ ਸੋਲਰ ਸਿਸਟਮ ਲਗਾਉਣ ਦੇ ਕੰਮ ਦਾ ਉਦਘਾਟਨ ਕਰਨ ਪਿਛੋਂ ਕੀਤਾ।

 ਡਾ. ਨਿੱਜਰ ਨੇ ਕਿਹਾ ਕਿ ਇਨਾਂ ਵਾਰਡਾਂ ਦੇ 75 ਘਰਾਂ ਵਿੱਚ 200-200 ਵਾਟ ਦੇ ਸੋਲਰ ਸਿਸਟਮ ਲਗਾਏ ਜਾਣਗੇ। ਜਿਸ ਤੇ ਕਰੀਬ 35 ਲੱਖ ਰੁਪਏ ਖਰਚਾ ਆਵੇਗਾ। ਉਨਾਂ ਦੱਸਿਆ ਕਿ ਸੋਲਰ ਸਿਸਟਮ ਮੁਫਤ ਲਗਾਏ ਜਾ ਰਹੇ ਹਨ ਅਤੇ ਕਿਸੇ ਕੋਲੋਂ ਵੀ ਇੰਸਟਾਲੇਸ਼ਨ ਚਾਰਜਿਸ ਤੱਕ ਵੀ ਨਹੀਂ ਲਏ ਜਾਣਗੇ।

ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਸੀਂ ਭ੍ਰਿਸ਼ਟਚਾਰ ਮੁਕਤ ਪ੍ਰਸ਼ਾਸਨ ਸੂਬੇ ਦੇ ਲੋਕਾਂ ਨੂੰ ਦੇਣਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 ਉਨਾਂ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਆਉਣ ਜਾਣ ਵਾਲੀਆਂ ਮੁੱਖ ਸੜ੍ਹਕਾਂ ਤੇ ਬੂਟੇ ਲਗਾਏ ਜਾਣਗੇ ਅਤੇ ਲੋਕਾਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਇੰਟਰਲਾਕਿੰਗ ਟਾਇਲਾਂ, ਪੁੱਲਾਂ ਤੇ ਪੇਂਟ ਅਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ।

 ਡਾ.  ਨਿੱਜਰ ਨੇ ਕਿਹਾ ਕਿ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਸੜ੍ਹਕਾਂ ਤੋਂ ਨਾਜਾਇਜ ਕਬਜ਼ੇ ਹਟਾਏ ਜਾ ਰਹੇ ਹਨ ਤਾਂ ਜੋ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਇਸ ਮੌਕੇ ਡੀ.ਐਸ.ਪੀ. ਅਸ਼ੋਕ ਕੁਮਾਰ, ਸ: ਬਲਵੰਤ ਸਿੰਘ, ਸ: ਸੋਨਲ ਸਿੰਘ ਗੋਲਡਨ, ਮੈਡਮ ਜੋਤੀ, ਸ: ਦਿਲਬਾਗ ਸੰਧੂ, ਸ: ਖਜਾਨ ਸਿੰਘ, ਸ: ਬਲਜੀਤ ਚੌੜਾ, ਸ੍ਰੀ ਅਸ਼ੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
————-

LEAVE A REPLY

Please enter your comment!
Please enter your name here