ਮਾਨਸਾ, 10 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋ ਨੈਸ਼ਨਲ ਵਾਇਰਲ ਹੈਪੇਟਾਈਟਸ ਸੀ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ-ਸੀ ਦੇ ਮਰੀਜਾਂ ਨੂੰ ਮੁੱਖ ਮੰਤਰੀ ਹੈਪੇਟਾਈਟਸ-ਸੀ ਰਲੀਫ ਫੰਡ ਦੇ ਤਹਿਤ ਸ਼ਨਾਖਤ ਤੋ ਲੈ ਕੇ ਮੁਕੰਮਲ ਇਲਾਜ਼ ਤੱਕ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋ ਸਾਲ 2016 ਤੋ ਸੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਹੁਣ ਤੱਕ 14817 ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿੰਨ੍ਹਾਂ ਵਿੱਚੋਂ 7192 ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਪਛਾਣ ਹੋਈ। ਇਨ੍ਹਾਂ ਮਰੀਜ਼ਾਂ ਵਿਚੋਂ 5609 ਮਰੀਜ਼ਾਂ ਨੇ ਵਾਇਰਲ ਲੋਡ ਟੈਸਟ ਕਰਵਾਇਆ। ਉਨ੍ਹਾਂ ਦੱਸਿਆ ਕਿ ਵਾਇਰਲ ਲੋਡ ਟੈਸਟ ਤੋਂ ਬਾਅਦ 5367 ਮਰੀਜ਼ ਪਾਜ਼ਟਿਵ ਪਾਏ ਗਏ ਅਤੇ 5322 ਮਰੀਜ਼ ਜਿੰਨ੍ਹਾਂ ਨੂੰ ਇਲਾਜ਼ ਦੀ ਜ਼ਰੂਰਤ ਸੀ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ 4518 ਮਰੀਜਾਂ ਦਾ ਹੁਣ ਤੱਕ ਮੁਕੰਮਲ ਇਲਾਜ਼ ਹੋ ਚੁੱਕਾ ਹੈ।
ਸਿਵਲ ਸਰਜਨ, ਡਾ.ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੈਪੇਟਾਈਟਸ-ਸੀ ਫੈਲਣ ਦੇ ਮੁੱਖ ਕਾਰਣ ਦੁਸ਼ਿਤ ਸੂਈ ਸਰਿੰਜ,ਦੁਸ਼ਿਤ ਖੁਨ, ਗਰਭਵਤੀ ਮਾਂ ਤੋ ਨਵਜਾਤ ਬੱਚੇ ਅਤੇ ਕਿਸੇ ਵੀ ਕਿਸਮ ਦੀ ਸਰਜਰੀ, ਦੰਦਾਂ ਦਾ ਇਲਾਜ਼ ਹਨ। ਖੁਨਦਾਨ ਮੌਕੇ ਖੂੁਨ ਦੇਣ ਅਤੇ ਖੂਨ ਲੈਣ ਤੋ ਪਹਿਲਾ ਹੈਪੇਟਾਈਟਸ-ਸੀ ਦਾ ਟੈਸਟ ਅਤਿ ਜਰੂਰੀ ਹੈ।
ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੈਲੋਜਿਸਟ ਨੇ ਦੱਸਿਆ ਕਿ ਹੈਪੇਟਾਈਟਸ-ਸੀ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ’ਤੇ ਟੈਟੂ ਆਦਿ ਬਣਵਾੳਣ ਤੋ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸ਼ੇਵਿੰਗ ਕਰਵਾਉਣ ਸਮੇ ਹਮੇਸ਼ਾ ਨਵੇ ਬਲੇਡ ਦੀ ਵਰਤੋ ਕਰਨੀ ਚਾਹੀਦੀ ਹੈ।